ਝੂਲਣਾ ਮਹਿਲਾ ਗੁਰਦਾਸਪੁਰ ਵਿਖੇ ਬਣੇਗਾ ਪੱਕਾ ਹਾਲ
ਚੇਅਰਮੈਨ ਰਮਨ ਬਹਿਲ ਨੇ ਸ਼ੁਰੂ ਕਰਵਾਇਆ ਹਾਲ ਦਾ ਕੰਮ, ਲੋਕਾਂ ਦੀ ਮੰਗ ਕੀਤੀ ਪੂਰੀ
ਗੁਰਦਾਸਪੁਰ, 10 ਅਗਸਤ 2023 (ਦੀ ਪੰਜਾਬ ਵਾਇਰ ) । ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਦੇ ਐਨ ਵਿਚਕਾਰ ਸਥਿਤ ਇਤਿਹਾਸਿਕ ਅਸਥਾਨ ਝੂਲਣਾ ਮਹਿਲ ਵਿਖੇ ਪ੍ਰਬੰਧਕਾਂ ਅਤੇ ਸ਼ਹਿਰ ਵਾਸੀਆਂ ਦੀ ਮੰਗ ਪੂਰੀ ਕਰਦੇ ਹੋਏ ਵੱਡਾ ਹਾਲ ਬਣਾਉਣ ਦਾ ਉਪਰਾਲਾ ਕੀਤਾ ਹੈ।
ਇਸ ਮੌਕੇ ਆਪਣੇ ਸਾਥੀਆਂ ਸਮੇਤ ਝੂਲਣਾ ਮਹਿਲ ਪਹੁੰਚੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਝੂਲਣਾ ਮਹਿਲਾ ਗੁਰਦਾਸਪੁਰ ਸ਼ਹਿਰ ਦਾ ਬਹੁਤ ਹੀ ਅਹਿਮ ਸਥਾਨ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪ੍ਰਬੰਧਕਾਂ ਨੇ ਮੰਗ ਕੀਤੀ ਸੀ ਕਿ ਇਥੇ ਸ਼ੈੱਡ ਉਪਰ ਟੀਨ ਪਾ ਕੇ ਦਿੱਤੇ ਜਾਣ ਪਰ ਉਨ੍ਹਾਂ ਨੇ ਇੱਥੇ ਪੱਕਾ ਲੈਂਟਰ ਪਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਾਲ ਨੂੰ ਪੱਕਾ ਬਣਾਉਣ ਦਾ ਕੰਮ ਜ਼ੋਰਾਂ `ਤੇ ਚੱਲ ਰਿਹਾ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੈੱਡ ਦੀ ਉਸਾਰੀ ਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਜਿਹੜੇ ਹੋਰ ਕੰਮ ਰਹਿੰਦੇ ਹਨ ਉਹ ਵੀ ਮੁਕੰਮਲ ਕਰਵਾਏ ਜਾਣਗੇ। ਸ੍ਰੀ ਬਹਿਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਇਤਿਹਾਸਿਕ ਸਥਾਨ ਦੇ ਕੰਮ ਵਿੱਚ ਕੋਈ ਊਣਤਾਈ ਨਾ ਰਹਿਣ ਦਿੱਤੀ ਜਾਵੇ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣੇ ਹਰ ਚੋਣ ਵਾਅਦੇ ਨੂੰ ਪੂਰਾ ਕਰਨ ਦੇ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਕਾਸ ਕਾਰਜ ਵੀ ਜ਼ੋਰਾਂ ’ਤੇ ਚੱਲ ਰਹੇ ਹਨ ਅਤੇ ਗੁਰਦਾਸਪੁਰ ਸ਼ਹਿਰ ਦਾ ਕੋਈ ਮੁਹੱਲਾ ਅਤੇ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਐਕਸੀਅਨ ਹਰਜੋਤ ਸਿੰਘ, ਜੋਗੇਸ਼ ਸ਼ਰਮਾ, ਮਨੀਸ਼ ਵਰਮਾ, ਮੰਦਰ ਦੇ ਪੁਜਾਰੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ।