ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਮੂਲ ਅਨਾਜ਼ਾਂ ਦਾ ਇਕਨਾਮਿਕ ਮਾਡਲ ਤਿਆਰ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਵੱਲੋਂ ਮੂਲ ਅਨਾਜ਼ਾਂ ਦਾ ਇਕਨਾਮਿਕ ਮਾਡਲ ਤਿਆਰ ਕਰਨ ਦੀਆਂ ਹਦਾਇਤਾਂ
  • PublishedAugust 7, 2023

ਜ਼ਿਲ੍ਹੇ ਵਿੱਚ ਮੂਲ ਅਨਾਜ਼ਾਂ ਦੀ ਕਾਸ਼ਤ ਨੂੰ ਉਤਸ਼ਹਾਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਕਿਸਾਨਾਂ ਨੂੰ ਹਰ ਟਿਊਬਵੈੱਲ ’ਤੇ ਪੌਦੇ ਲਗਾਉਣ ਲਈ ਮੁਫ਼ਤ ਪੌਦੇ ਦੇਵੇਗਾ ਜੰਗਲਾਤ ਵਿਭਾਗ

ਗੁਰਦਾਸਪੁਰ, 7 ਅਗਸਤ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹੇ ਵਿੱਚ ਮੂਲ਼ ਅਨਾਜ਼ਾਂ ਦੀ ਕਾਸ਼ਤ ਦਾ ਇੱਕ ਇਕਨਾਮਿਕ ਮਾਡਲ ਤਿਆਰ ਕਰਨ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਮੂਲ ਅਨਾਜਾਂ ਦੀ ਕਾਸ਼ਤ ਲਈ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੂਲ ਅਨਾਜ਼ਾਂ ਦੀ ਬਜ਼ਾਰ ਵਿੱਚ ਭਾਰੀ ਮੰਗ ਹੈ ਅਤੇ ਮੂਲ ਅਨਾਜ਼ਾਂ ਵਿੱਚ ਪੌਸ਼ਟਿਕ ਤੱਤ ਵਧੇਰੇ ਹੋਣ ਕਾਰਨ ਲੋਕ ਇਨ੍ਹਾਂ ਦੀ ਵਰਤੋਂ ਵੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੂਲ ਅਨਾਜ਼ਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਦੇ ਨਾਲ ਉਸਦੇ ਮੰਡੀਕਰਨ ਵਿੱਚ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ।

ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੂਲ ਅਨਾਜ਼ਾਂ, ਬਾਗਬਾਨੀ, ਸਬਜ਼ੀਆਂ ਅਤੇ ਹੋਰ ਫਸਲਾਂ ਦੀ ਕਾਸ਼ਤ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਤਾਂ ਜੋ ਕਿਸਾਨ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਣ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਖੇਤੀ ਮਾਹਿਰਾਂ ਦੀ ਸਲਾਹਾਂ ਅਤੇ ਨਵੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਕਰਨ। ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਆਪਣੇ ਮੋਬਾਇਲ ਵਿੱਚ ‘ਪੀ.ਏ.ਯੂ. ਕਿਸਾਨ ਐਪ’ ਡਾਊਨਲੋਡ ਕਰਨੀ ਚਾਹੀਦੀ ਹੈ ਤਾਂ ਜੋ ਖੇਤੀਬਾੜੀ ਨਾਲ ਸਬੰਧਤ ਹਰ ਨਵੀਂ ਜਾਣਕਾਰੀ ਮਿਲਦੀ ਰਹੇ।

ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਬਾਗਬਾਨੀ ਹੇਠ ਰਕਬਾ ਵਧਾਉਣ ਉੱਪਰ ਵੀ ਚਰਚਾ ਕੀਤੀ ਗਈ ਅਤੇ ਬਾਗਬਾਨੀ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਮੱਛੀ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਦਰਿਆਵਾਂ, ਨਹਿਰਾਂ ਅਤੇ ਪੰਚਾਇਤੀ ਛੱਪੜਾਂ ਵਿਚੋਂ ਮੱਛੀ ਦੀ ਪੈਦਾਵਾਰ ਵਧਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡੇਅਰੀ, ਮਧੂ ਮੱਖੀ ਪਾਲਣ, ਬੱਕਰੀ ਪਾਲਣ, ਪੋਲਟਰੀ, ਸੂਰ ਪਾਲਣ ਆਦਿ ਸਹਾਇਕ ਧੰਦੇ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ ਹਰ ਟਿਊਬਵੈੱਲ ਲਈ ਮੁਫ਼ਤ ਪੌਦੇ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰ ਕਿਸਾਨ ਲਈ ਆਪਣੇ ਟਿਊਬਵੈੱਲ ਉੱਪਰ ਘੱਟੋ-ਘੱਟ ਤਿੰਨ ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ-ਪੋਸਣ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਤਿੰਨ ਪੌਦਿਆਂ ਤੋਂ ਵੱਧ ਪੌਦੇ ਲਗਾਉਣਾ ਚਾਹੇ ਤਾਂ ਉਹ ਵੀ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪੌਦੇ ਜੰਗਲਾਤ ਵਿਭਾਗ ਵੱਲੋਂ ਬਿਲਕੁਲ ਮੁਫ਼ਤ ਦਿੱਤੇ ਜਾ ਰਹੇ ਹਨ। ਮੀਟਿੰਗ ਦੌਰਾਨ ਸਹਿਕਾਰੀ ਖੰਡ ਮਿੱਲ ਬਟਾਲਾ ਅਤੇ ਪਨਿਆੜ ਦੇ ਚੱਲ ਰਹੇ ਅਪਗਰੇਡੇਸ਼ਨ ਪ੍ਰੋਜੈਕਟ ਦਾ ਰੀਵਿਊ ਵੀ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਮੁੱਖ ਖੇਤੀਬਾੜੀ ਅਫ਼ਸਰ ਸ. ਕ੍ਰਿਪਾਲ ਸਿੰਘ ਢਿਲੋਂ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਸ. ਹਰਚਰਨ ਸਿੰਘ ਕੰਗ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਤਜਿੰਦਰ ਸਿੰਘ ਬਾਜਵਾ, ਕਿਸਾਨ ਦਿਲਬਾਗ ਸਿੰਘ, ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire