ਵਿਰਾਸਤੀ ਮੰਚ ਨੇ ਆਰ.ਆਰ. ਬਾਵਾ ਕਾਲਜ ਵਿਖੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਦਾ 165ਵਾਂ ਜਨਮ ਦਿਨ ਮਨਾਇਆ
ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਦੀਆਂ ਵਿਦਿਆਰਥਣਾਂ ਨੂੰ ਭਾਈ ਰਾਮ ਸਿੰਘ ਦੇ ਜੀਵਨ ਤੋਂ ਜਾਣੂ ਕਰਾਇਆ
ਭਾਈ ਰਾਮ ਸਿੰਘ ਦੀ ਕਲਾ ਉੱਪਰ ਸਮੂਹ ਪੰਜਾਬੀਆਂ ਨੂੰ ਮਾਣ – ਇੰਦਰਜੀਤ ਸਿੰਘ ਹਰਪੁਰਾ
ਬਟਾਲਾ, 1 ਅਗਸਤ 2023 (ਦੀ ਪੰਜਾਬ ਵਾਇਰ ) । ਵਿਰਾਸਤੀ ਮੰਚ ਬਟਾਲਾ ਵੱਲੋਂ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਦੇ ਸਹਿਯੋਗ ਨਾਲ ਅੱਜ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਦਾ 165ਵਾਂ ਜਨਮ ਦਿਨ ਮਨਾਇਆ ਗਿਆ।
ਇਸ ਸਬੰਧੀ ਆਰ.ਆਰ. ਬਾਵਾ ਕਾਲਜ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਆਰਕੀਟੈਕਟ ਭਾਈ ਰਾਮ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ।
ਵਿਰਾਸਤੀ ਮੰਚ ਬਟਾਲਾ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ ਸ. ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ 165 ਸਾਲ ਪਹਿਲਾਂ ਪਿੰਡ ਰਸੂਲਪੁਰ ਵਿਖੇ 1 ਅਗਸਤ 1858 ਈਸਵੀ ਨੂੰ ਸ. ਆਸਾ ਸਿੰਘ ਦੇ ਘਰ ਭਾਈ ਰਾਮ ਸਿੰਘ ਦਾ ਜਨਮ ਹੋਇਆ ਸੀ। ਉਨਾਂ ਕਿਹਾ ਕਿ ਭਾਈ ਰਾਮ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਤੋਂ ਹਾਸਲ ਕਰਕੇ ਲਾਹੌਰ ਦੇ ਮੇਓ ਆਰਟ ਕਾਲਜ ਤੋਂ ਇਮਾਰਤਾਂ ਦੇ ਨਕਸ਼ੇ ਬਣਾਉਣ ਦੀ ਪੜ੍ਹਾਈ ਕੀਤੀ। ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੇਓ ਕਾਲਜ ਆਫ ਆਰਟ ਵਿੱਚ ਹੀ ਅਧਿਆਪਕ ਲੱਗ ਗਏ ਅਤੇ ਆਪਣੀ ਨੌਂਕਰੀ ਦੇ ਆਖਰੀ ਤਿੰਨ ਸਾਲ ਉਹ ਇਸ ਵੱਕਾਰੀ ਕਾਲਜ ਦੇ ਪ੍ਰਿੰਸੀਪਲ ਵੀ ਰਹੇ।
ਭਾਈ ਰਾਮ ਸਿੰਘ ਵੱਲੋਂ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਡਿਜ਼ਾਇਨ ਤਿਆਰ ਕਰਨ ਸਬੰਧੀ ਗੱਲ ਕਰਦਿਆਂ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਦਾ ਨਕਸ਼ਾ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜਾਇਨਿੰਗ ਅਤੇ ਵੂਡ ਕਰਵਿੰਗ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ, ਸੈਨੇਟ ਹਾਊਸ ਲਾਹੌਰ ਦੀ ਇਮਾਰਤ, ਗੁਰਦੁਆਰਾ ਸ੍ਰੀ ਸਾਰਾਗੜੀ ਅੰਮ੍ਰਿਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜਾਇਨਿੰਗ ਦਾ ਕੰਮ ਵੀ ਕੀਤਾ। ਉਨਾਂ ਕਿਹਾ ਭਾਈ ਰਾਮ ਸਿੰਘ ਪੰਜਾਬ ਦਾ ਉਹ ਕੋਹਿਨੂਰ ਹੀਰਾ ਹੈ ਜਿਸ ਉੱਪਰ ਸਮੁੱਚੇ ਪੰਜਾਬੀਆਂ ਨੂੰ ਮਾਣ ਹੈ।
ਇਸ ਮੌਕੇ ਵਿਰਾਸਤੀ ਮੰਚ ਦੇ ਸੀਨੀਅਰ ਮੈਂਬਰ ਐਡਵੋਕੇਟ ਐੱਚ.ਐੱਸ. ਮਾਂਗਟ ਨੇ ਵਿਦਿਆਰਥਣਾਂ ਨੂੰ ਭਾਈ ਰਾਮ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਈ ਰਾਮ ਸਿੰਘ ਉਹ ਹਸਤੀ ਹਨ ਜਿਨਾਂ ਦੀ ਕਲਾ ਦਾ ਲੋਹਾ ਕੁੱਲ ਦੁਨੀਆ ਮੰਨਦੀ ਹੈ। ਉਨਾਂ ਕਿਹਾ ਕਿ ਭਾਈ ਰਾਮ ਸਿੰਘ ਵੱਲੋਂ ਬਣਾਈਆਂ ਗਈਆਂ ਇਮਾਰਤਾਂ ਦਾ ਕੋਈ ਸ਼ਾਨੀ ਨਹੀਂ ਅਤੇ ਉਨਾਂ ਦੀਆਂ ਸਾਰੀਆਂ ਹੀ ਇਮਾਰਤਾਂ ਵਿਰਾਸਤੀ ਇਮਾਰਤਾਂ ਦਾ ਦਰਜਾ ਰੱਖਦੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਭਾਈ ਰਾਮ ਸਿੰਘ ਵਰਗੀਆਂ ਮਹਾਨ ਸਖਸ਼ੀਅਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸ ਮੌਕੇ ਭਾਈ ਲਾਲੋ ਫਾਊਂਡੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸੋਖੀ ਨੇ ਵੀ ਭਾਈ ਰਾਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਟੇਜ ਸੰਚਾਲਣ ਦੀ ਜਿੰਮੇਵਾਰੀ ਪ੍ਰੋ. ਜਸਬੀਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰੋ. ਜਸਬੀਰ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਬਹੁਤ ਮਹਾਨ ਹਸਤੀਆਂ ਪੈਦਾ ਹੋਈਆਂ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਭਾਈ ਰਾਮ ਸਿੰਘ ਵੀ ਉਨ੍ਹਾਂ ਵਿਚੋਂ ਇੱਕ ਸਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਬੁਲੰਦੀਆਂ ਨੂੰ ਕਿਵੇਂ ਛੋਹੀਦਾ ਹੈ ਇਹ ਸਭ ਭਾਈ ਰਾਮ ਸਿੰਘ ਦੇ ਜੀਵਨ ਤੋਂ ਸਿੱਖਿਆ ਜਾ ਸਕਦਾ ਹੈ।
ਇਸ ਮੌਕੇ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਰਾਸਤੀ ਮੰਚ ਬਟਾਲਾ ਵੱਲੋਂ ਆਪਣੇ ਇਤਿਹਾਸ ਤੇ ਸੱਭਿਆਚਾਰ ਨੂੰ ਸੰਭਾਲਣ ਤੇ ਪ੍ਰਚਾਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਹ ਯਤਨ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਗੇ। ਉਨ੍ਹਾਂ ਕਿਹਾ ਕਾਲਜ ਵਿੱਚ ਵਿਰਾਸਤੀ ਮੰਚ ਨਾਲ ਮਿਲ ਕੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਡਾ. ਲੱਕੀ ਸ਼ਰਮਾਂ ਡੀਨ ਸਟੂਡੈਂਟ ਵੈਲਫੇਅਰ ਨੇ ਵਿਰਾਸਤੀ ਮੰਚ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਰਾਸਤੀ ਮੰਚ ਦੇ ਮੈਂਬਰ ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਸੁਖਦੇਵ ਸਿੰਘ ਫੈਜਪੁਰਾ, ਵੈਬੀਜੋਤ ਸਿੰਘ ਕਾਹਲੋਂ, ਹਰਬਖਸ਼ ਸਿੰਘ ਕਲਸੀ, ਅਨੁਰਾਗ ਮਹਿਤਾ, ਹਰਪ੍ਰੀਤ ਸਿੰਘ ਤੇ ਕਾਲਜ ਦੀਆਂ ਵਿਦਿਆਰਣਾਂ ਮੌਜੂਦ ਸਨ।