ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਫੜੇ ਗਏ ਦੋਸ਼ੀ ਦੇ ਸਮਰਥਨ ‘ਚ ਪਿੰਡ ਦੇ ਲੋਕਾਂ ਨੇ ਥਾਣੇ ਦੇ ਬਾਹਰ ਦਿੱਤਾ ਧਰਨਾ
ਗੁਰਦਾਸਪੁਰ, 29 ਜੁਲਾਈ 2023 (ਦੀ ਪੰਜਾਬ ਵਾਇਰ)। ਹਲਕਾ ਦੀਨਾਨਗਰ ਦੇ ਪਿੰਡ ਬਹਿਰਾਮਪੁਰ ਵਿੱਚ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ‘ਚ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਧਰ ਦੂਜੇ ਪਾਸੇ ਦੋਸ਼ੀ ਦੇ ਪਿੰਡ ਦੇ ਲੋਕ ਦੋਸ਼ੀ ਦੇ ਹੱਕ ਵਿੱਚ ਆ ਗਏ ਅਤੇ ਥਾਣਾ ਬਹਿਰਾਮਪੁਰ ਦੇ ਬਾਹਰ ਧਰਨਾ ਦਿੱਤਾ ਗਿਆ।ਧਰਨੇ ਮੌਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਘਟਨਾ ਦੇ ਸਮੇਂ 15 ਸਾਲਾ ਸੇਵਾਦਾਰ ਜੋਬਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ‘ਚ ਮੌਜੂਦ ਸੀ। ਉਸ ਨੇ ਇਕ ਨੌਜਵਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿਚ ਜਾਂਦੇ ਦੇਖਿਆ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੀੜਾ ਪਾਸੇ ਵਾਲੇ ਕਮਰੇ ਵਿੱਚ ਰੱਖਿਆ ਗਿਆ ਸੀ। ਉਸਾਰੀ ਦੇ ਕੰਮ ਵਿੱਚ ਲੱਗੇ ਸਾਰੇ ਵਿਅਕਤੀ ਛੁੱਟੀ ਲੈ ਕੇ ਗੁਰਦੁਆਰਾ ਟਾਹਲੀ ਸਾਹਿਬ ਮੱਥਾ ਟੇਕਣ ਲਈ ਗਏ ਹੋਏ ਸਨ। ਸੇਵਾਦਾਰ ਜੋਬਨਪ੍ਰੀਤ ਸਿੰਘ ਨੇ ਕਰੀਬ ਸਾਢੇ 12 ਵਜੇ ਇੱਕ ਨੌਜਵਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚ ਜਾਂਦੇ ਦੇਖਿਆ। ਉਸ ਨੇ ਸੋਚਿਆ ਕਿ ਸ਼ਾਇਦ ਕੋਈ ਮੱਥਾ ਟੇਕਣ ਗਿਆ ਹੋਵੇ। ਇਸ ਲਈ ਉਸ ਨੇ ਬਹੁਤਾ ਧਿਆਨ ਨਹੀਂ ਦਿੱਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਕਰੀਬ ਇੱਕ ਵਜੇ ਮਜ਼ਦੂਰ ਵਾਪਸ ਆਏ ਤਾਂ ਇੱਕ ਮਜ਼ਦੂਰ ਨੇ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾਟੇ ਹੋਏ ਸਨ। ਇਸ ਤੋਂ ਬਾਅਦ ਉਸ ਨੇ ਤੁਰੰਤ ਮਾਮਲੇ ਦੀ ਸੂਚਨਾ ਥਾਣਾ ਬਹਿਰਾਮਪੁਰ ਨੂੰ ਦਿੱਤੀ।
ਹੁਣ ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਸ਼ੀਤਲ ਕੁਮਾਰ ਵਾਸੀ ਬਹਿਰਾਮਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੇ ਦੱਸਿਆ ਕਿ ਬੇਅਦਬੀ ਦੇ ਅਸਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਪੁਲੀਸ ਨੇ ਸ਼ੀਤਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤਿ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਤੱਥਾਂ ਦੇ ਆਧਾਰ ’ਤੇ ਮੁੜ ਪੜਤਾਲ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਹਾਲਾਂਕਿ ਉੱਚ ਪੁਲਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਹੈ।