ਗੁਰਦਾਸਪੁਰ ਪੰਜਾਬ

ਚੇਅਰਮੈਨ ਰਮਨ ਬਹਿਲ ਨੇ ਪਿੰਡ ਨਰਪੁਰ ਦੀ ਆਯੂਸ਼ ਹੈਲਥ ਵੈਲਨੈੱਸ ਡਿਸਪੈਂਸਰੀ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ

ਚੇਅਰਮੈਨ ਰਮਨ ਬਹਿਲ ਨੇ ਪਿੰਡ ਨਰਪੁਰ ਦੀ ਆਯੂਸ਼ ਹੈਲਥ ਵੈਲਨੈੱਸ ਡਿਸਪੈਂਸਰੀ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ
  • PublishedJuly 28, 2023

ਪੰਜਾਬ ਸਰਕਾਰ ਵੱਲੋਂ 60 ਲੱਖ ਰੁਪਏ ਖਰਚ ਕਰਕੇ ਜ਼ਿਲਾ ਗੁਰਦਾਸਪੁਰ ਦੀਆਂ 11 ਆਯੂਸ਼ ਹੈਲਥ ਵੈਲਨੈੱਸ ਡਿਸਪੈਂਸਰੀਆਂ ਦੀ ਕੀਤੀ ਜਾ ਰਹੀ ਹੈ ਕਾਇਆ ਕਲਪ – ਰਮਨ ਬਹਿਲ

ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਮਾਨ ਸਰਕਾਰ ਨੇ ਕ੍ਰਾਂਤੀਕਾਰੀ ਸੁਧਾਰ ਕੀਤੇ – ਰਮਨ ਬਹਿਲ

ਗੁਰਦਾਸਪੁਰ, 28 ਜੁਲਾਈ 2023 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਪਿੰਡ ਨਰਪੁਰ ਵਿਖੇ ਆਯੂਸ਼ ਹੈਲਥ ਵੈਲਨੈੱਸ ਡਿਸਪੈਂਸਰੀ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਉਨਾਂ ਨੇ ਆਯੂਰਵੈਦਿਕ ਵਿਭਾਗ ਵੱਲੋਂ ਡਿਸਪੈਂਸਰੀ ਵਿਖੇ ਲਗਾਏ ਗਏ ਮੁਫ਼ਤ ਆਯੂਰਵੈਦਿਕ ਮੈਡੀਕਲ ਕੈਂਪ ਦੀ ਸ਼ੁਰੂਆਤ ਵੀ ਕੀਤੀ ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਉਨਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ।

ਆਯੂਸ਼ ਹੈਲਥ ਵੈਲਨੈੱਸ ਡਿਸਪੈਂਸਰੀ ਦੇ ਕਮਰੇ ਦਾ ਉਦਘਾਟਨ ਕਰਨ ਤੋਂ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3 ਲੱਖ ਰੁਪਏ ਖਰਚ ਕਰਕੇ ਇਸ ਡਿਸਪੈਂਸਰੀ ਦਾ ਨਵਾਂ ਮੈਡੀਕਲ ਰੂਮ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 60 ਲੱਖ ਰੁਪਏ ਖਰਚ ਕਰਕੇ ਜ਼ਿਲਾ ਗੁਰਦਾਸਪੁਰ ਵਿੱਚ ਕੁੱਲ 11 ਆਯੂਸ਼ ਹੈਲਥ ਵੈਲਨੈੱਸ ਡਿਸਪੈਂਸਰੀਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਯੂਰਵੇਦ ਸਾਡੀ ਭਾਰਤੀ ਸੰਸਕਿ੍ਰਤੀ ਦੀ ਪ੍ਰਾਚੀਨ ਅਤੇ ਬਹੁਤ ਕਾਮਯਾਬ ਇਲਾਜ ਪ੍ਰਣਾਲੀ ਹੈ। ਉਨਾਂ ਕਿਹਾ ਕਿ ਆਯੂਰਵੇਦ ਨਾਲ ਹਰ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਇਲਾਜ ਵਿਧੀ ਦਾ ਕੋਈ ਸਾਈਡ-ਇਫੈਕਟ ਵੀ ਨਹੀਂ ਹੈ। ਉਨਾਂ ਦੱਸਿਆ ਕਿ ਆਯੂਸ਼ ਹੈਲਥ ਵੈਲਨੈੱਸ ਡਿਸਪੈਂਸਰੀ ਨਰਪੁਰ ਵਿਖੇ ਜਿਥੇ ਮਰੀਜ਼ਾਂ ਦਾ ਆਯੂਰਵੈਦਿਕ ਵਿਧੀ ਨਾਲ ਇਲਾਜ ਕੀਤਾ ਜਾਵੇਗਾ ਓਥੇ ਉਨਾਂ ਨੂੰ ਯੋਗ ਆਸਣਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਤੀਕਾਰੀ ਸੁਧਾਰ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦੇ ਨਾਲ ਪੁਰਾਣੀਆਂ ਸਿਹਤ ਸੰਸਥਾਵਾਂ ਦੀ ਕਾਇਆ ਕਲਪ ਕੀਤੀ ਗਈ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੀ ਮਿਆਰੀ ਸਿਹਤ ਸਹੂਲਤ ਮੁਹੱਈਆ ਕਰਵਾ ਕੇ ਮਾਨ ਸਰਕਾਰ ਨੇ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ।

ਇਸ ਮੌਕੇ ਉਨਾਂ ਨਾਲ ਸਿਵਲ ਸਰਜਨ ਡਾ. ਹਰਭਜਨ ਰਾਮ, ਡਾ. ਪ੍ਰਦੀਪ ਸਿੰਘ, ਜ਼ਿਲਾ ਆਯੂਰਵੈਦਿਕ ਅਤੇ ਯੁਨਾਨੀ ਅਫ਼ਸਰ ਗੁਰਦਾਸਪੁਰ, ਡਾ. ਨਵਨੀਤ ਸਿੰਘ, ਡਾ. ਨੀਤੂ ਅਘਰਵਾਲ, ਡਾ. ਅਮਤਾ, ਡਾ. ਰਨੀਵਾ, ਡਾ. ਵਰੁਣ, ਡਾ. ਰਮਨ ਸੰਗੋਤਰਾ, ਉਪਵੈਦ ਚਰਨਜੀਤ ਸਿੰਘ, ਰੋਹਿਤ ਸ਼ਰਮਾਂ, ਇੰਦਰਜੀਤ ਸਿੰਘ, ਪਾਲ ਸਿੰਘ, ਨਵਨੀਤ ਕੌਰ ਬਾਜਵਾ, ਕਰਮਜੀਤ ਕੌਰ, ਸਾਬਕਾ ਸਰਪੰਚ ਅਜੀਤ ਸਿੰਘ, ਸੂਬੇਦਾਰ ਦਲਜੀਤ ਸਿੰਘ, ਬਲਰਾਜ ਸਿੰਘ ਸਾਬਕਾ ਸਰਪੰਚ, ਕੁਲਜੀਤ ਸਿੰਘ, ਅਮਨਦੀਪ ਸਿੰਘ ਅਤੇ ਇਲਾਕੇ ਦੇ ਮੋਹਤਬਰ ਵੀ ਹਾਜ਼ਰ ਸਨ।

Written By
The Punjab Wire