ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਰੀਬ 18 ਕਿਲੋ ਹੈਰੋਇੰਨ ਸਮੇਤ 2 ਪੁਰਸ਼ ਅਤੇ 1 ਮਹਿਲਾ ਕਾਬੂ

ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਰੀਬ 18 ਕਿਲੋ ਹੈਰੋਇੰਨ ਸਮੇਤ 2 ਪੁਰਸ਼ ਅਤੇ 1 ਮਹਿਲਾ ਕਾਬੂ
  • PublishedJuly 27, 2023

ਗੁਰਦਾਸਪੁਰ, 27 ਜੁਲਾਈ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗੁਰਦਾਸਪੁਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕਰੀਬ 18 ਕਿਲੋ ਹੈਰੋਇੰਨ ਸਮੇਤ 2 ਪੁਰਸ਼ ਅਤੇ 1 ਮਹਿਲਾ ਨੂੰ ਕਾਬੂ ਕੀਤਾ ਹੈ।

ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਅੱਜ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਸ੍ਰੀ ਅਦਿਤਿਆ ਐਸ. ਵਾਰੀਅਰ, ਆਈ.ਪੀ.ਐੱਸ, ਸਹਾਇਕ ਕਪਤਾਨ ਪੁਲਿਸ, ਦੀਨਾਨਗਰ ਅਤੇ ਸ੍ਰੀ ਸੁਖਪਾਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਤੇ ਨਾਰਕੋਟਿਕਸ, ਗੁਰਦਾਸਪੁਰ ਦੀ ਦੇਖ-ਰੇਖ ਵਿੱਚ ਮਿਤੀ 27 ਜੁਲਾਈ 2023 ਨੂੰ ਸ਼ੂਗਰ ਮਿੱਲ ਪਨਿਆੜ ਵਿਖੇ ਸਪੈਸ਼ਲ ਨਾਕਾ ਬੰਦੀ ਦੌਰਾਨ ਇੱਕ ਕਾਰ ਨੰਬਰੀ ਪੀ.ਬੀ.-31, 1679 ਸਵਿਫਟ ਡਿਜ਼ਾਇਰ ਨੂੰ ਸ਼ੱਕ ਦੇ ਬਿਨਾਹ ’ਤੇ ਰੋਕ ਕੇ ਚੈਕਿੰਗ ਕੀਤੀ ਗਈ। ਇਸ ਗੱਡੀ ਵਿੱਚ ਸਵਾਰ 2 ਪੁਰਸ਼ ਅਤੇ 1 ਮਹਿਲਾ ਜਿਨ੍ਹਾਂ ਦੇ ਨਾਮ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਜਖੇਪਲ ਥਾਣਾ ਧਰਮਗੜ੍ਹ, ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ ਹਰਮਨ ਪਤਨੀ ਪਰਮਿੰਦਰ ਸਿੰਘ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਗੁੱੜਦੀ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਸਵਾਰ ਸਨ। ਪੁਲਿਸ ਪਾਰਟੀ ਵੱਲੋਂ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਕਰੀਬ 18 ਕਿਲੋ ਹੈਰੋਇੰਨ ਬਰਾਮਦ ਕੀਤੀ ਗਈ। ਗੱਡੀ ਵਿੱਚੋਂ ਇੱਕ ਕਾਰ ਕੈਮਰਾ ਵੀ ਬਰਾਮਦ ਹੋਇਆ ਹੈ।

ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਦੱਸਿਆ ਕਿ ਹੈਰੋਇਨ ਦੀ ਬਰਾਮਦੀ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਉਕਤ ਦੋਸ਼ੀਆ ਦੇ ਖਿਲਾਫ਼ ਮੁਕੱਦਮਾ ਨੰਬਰ 139, ਮਿਤੀ 27 ਜੁਲਾਈ 2023, ਜੁਰਮ 21 ਸੀ, 25-61-85 ਐੱਨ.ਡੀ.ਪੀ.ਸੀ. ਐਕਟ ਤਹਿਤ ਥਾਣਾ ਦੀਨਾਨਗਰ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛ-ਗਿੱਛ ਤੋਂ ਸਾਹਮਣੇ ਆਇਆ ਕਿ ਉਕਤ ਦੋਸ਼ੀ ਇਹ ਖੇਪ ਸ਼੍ਰੀਨਗਰ ਤੋਂ ਲੈ ਕੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਡਰੱਗ ਰੈਕਿਟ ਦਾ ਸਰਗਨਾ ਮਨਦੀਪ ਸਿੰਘ ਧਾਲੀਵਾਲ ਹੈ, ਜੋ ਹੈਰੋਇੰਨ ਮੰਗਵਾਉਣ ਅਤੇ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜਿਸ ਵੱਲੋਂ ਇਹ ਡਰੱਗ ਰੈਕਿਟ ਅਮਰੀਕਾ ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਕੁਲਦੀਪ ਸਿੰਘ ਉਰਫ ਕਾਲਾ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਹੇਠ 2 ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।

Written By
The Punjab Wire