ਗੁਰਦਾਸਪੁਰ, 26 ਜੁਲਾਈ 2023 (ਦੀ ਪੰਜਾਬ ਵਾਇਰ)। ਮਨੀਪੁਰ ਵਿੱਚ ਜਿਸ ਤਰਾਂ ਦੇ ਹਾਲਤ ਬਣੇ ਹੋਏ ਹਨ ਉਹਨਾਂ ਤੋਂ ਲਗਦਾ ਹੈ ਕਿ ਦੇਸ਼ ਅੰਦਰ ਅਤੇ ਉਹਨਾਂ ਸੂਬਿਆਂ ਦੇ ਵਿੱਚ ਕਨੂੰਨ ਪ੍ਰਬੰਧ ਅਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।ਖਾਸ ਤੌਰ ਤੇ ਮਨੀਪੁਰ ਵਿੱਚ ਜੋ ਵਾਪਰਿਆ ਹੈ ਅਤੇ ਇਸ ਵੇਲੇ ਵਾਪਰ ਰਿਹਾ ਹੈ ਉਹ ਅਤਿ ਸ਼ਰਮਨਾਕ ਅਤੇ ਦੇਸ਼ ਦੀ ਜ਼ਮਹੂਰੀਅਤ ਉੱਤੇ ਇੱਕ ਵੱਡਾ ਕਲੰਕ ਹੈ। ਇਹ ਪ੍ਰਗਟਾਵਾ ਜਨਰਲ ਸਕੱਤਰ ਕਾਗਰਸ ਪੰਜਾਬ ਅਤੇ ਜਿਲਾ ਗੁਰਦਾਸਪੁਰ ਤੋਂ ਮਹਿਲਾ ਕਾਂਗਰਸ ਪ੍ਰਧਾਨ ਅਮਨਦੀਪ ਕੌਰ ਨੇ ਸਖ਼ਤ ਸ਼ਬਦਾਂ ਵਿਚ ਕੀਤਾ।
ਬੀਬੀ ਅਮਨਦੀਪ ਕੌਰ ਨੇ ਕਿਹਾ ਕਿ ਇੱਕ ਵਾਰ ਫਿਰ ਦੇਸ਼ ਅੰਦਰ ਮਨੀਪੁਰ ਫਿਰ ਫਿਰਕੂ ਕਤਲੇਆਮ ਵਾਲਾ ਇਤਿਹਾਸ ਦੋਹਰਾਇਆ ਗਿਆ ਹੈ। ਜਿਸ ਵਿੱਚ ਮਾਸੂਮ ਅਤੇ ਨਿਰਦੋਸ਼ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣ ਤੋਂ ਇਲਾਵਾ ਘੱਟ ਗਿਣਤੀ ਲੋਕਾਂ ਦਾ ਕਤਲੇਆਮ ਜਾਰੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਫਿਰਕੂ ਭੀੜ ਨੇ ਧੀਆਂ ਭੈਣਾਂ ਉੱਤੇ ਜ਼ੁਲਮ ਕਰਨ ਤੋਂ ਬਾਅਦ ਉਹਨਾਂ ਨੂੰ ਨਿਰਵਸਤਰ ਕੀਤਾ ਅਤੇ ਉਨ੍ਹਾਂ ਦੇ ਨਾਲ ਵੀ ਕੀਤਾ।ਉਹਨਾਂ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੁਲਸ ਵਲੋਂ ਹੀ ਮਜ਼ਲੂਮ ਔਰਤਾਂ ਨੂੰ ਵਹਿਸ਼ੀ ਭੀੜ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਨੀਪੁਰ ਚ ਵਾਪਰੇ ਇਸ ਸ਼ਰਮਨਾਕ ਅਤੇ ਦਿਲ ਕੰਬਾਉ ਕਾਂਡ ਚ ਭੀੜ ਨੇ ਕਾਰਗਿਲ ਦੀ ਜੰਗ ਲੜ ਕੇ ਮੁਲਕ ਨੂੰ ਬਚਾਉਣ ਵਾਲੇ ਬਹਾਦਰ ਫੌਜੀ ਅਫ਼ਸਰ ਪਰਿਵਾਰ ਦੀਆਂ ਧੀਆਂ ਭੈਣਾਂ ਨਾਲ ਵੀ ਜਬਰ ਜਨਾਹ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਵਿਚ ਭਾਰਤੀ ਲੋਕਤੰਤਰ ਦੀਆਂ ਦੁਹਾਈਆਂ ਦੇ ਰਹੇ ਹਨ ਪਰ ਦੇਸ਼ ਅੰਦਰ ਜੋ ਫਿਰਕੂ ਕਤਲੇਆਮ ਹੋ ਰਹੇ ਹਨ ਉਨ੍ਹਾਂ ਉੱਪਰ ਅਮਰੀਕਾ ਵਰਗੇ ਸਾਮਰਾਜੀ ਮੁਲਕ ਵੀ ਉਂਗਲੀ ਉਠਾ ਰਹੇ ਹਨ। ਬੀਬੀ ਅਮਨਦੀਪ ਕੌਰ ਨੇ ਮੰਗ ਕੀਤੀ ਕੇ ਮਨੀਪੁਰ ਵਰਗੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਨੂੰ ਮੁਅੱਤਲ ਕਰਕੇ ਰਾਸ਼ਟਰਪਤੀ ਰਾਜ ਲਗਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦੇ 9 ਸਾਲ ਦੇ ਰਾਜਕਾਲ ਵਿਚ ਫਿਰਕੂ ਅੱਤਵਾਦ ਸਿਖਰਾਂ ਨੂੰ ਛੂਹ ਰਿਹਾ ਹੈ ਪਰ ਇਸ ਸਰਕਾਰ ਵੱਲੋਂ ਹਮੇਸ਼ਾ ਹੀ ਘੱਟ ਗਿਣਤੀ ਲੋਕਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਭੰਡਣ ਤੋਂ ਇਲਾਵਾ ਉਹਨਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਹੈ।ਉਹਨਾਂ ਕਿਹਾ ਕਿ ਮਨੀਪੁਰ ਵਿਚ ਹੋ ਰਹੀ ਹਿੰਸਾ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਇੱਕ ਪੱਖ ਦੀਆਂ ਵੋਟਾਂ ਨੂੰ ਹਾਸਲ ਕਰਨ ਵਾਲੇ ਸੋਚੇ ਸਮਝੇ ਸਿਆਸੀ ਏਜੰਡੇ ਤਹਿਤ ਹੋ ਰਹੀ ਹੈ।