ਪ੍ਰਸ਼ਾਸਨ ਵੱਲੋਂ ਤੁਰੰਤ ਭਰਾਈ ਦਾ ਕੰਮ ਕੀਤਾ ਗਿਆ ਸ਼ੁਰੂ, ਡੀਸੀ ਦਾ ਕਹਿਣਾ ਡਰਨ ਦੀ ਕੋਈ ਲੋੜ ਨਹੀਂ ਅਸੀਂ ਕਰ ਚੁੱਕੇ ਹੈ 2.60 ਲੱਖ ਕਿਓਸਿਕ ਪਾਣੀ ਦਾ ਸਾਹਮਣਾ
ਗੁਰਦਾਸਪੁਰ, 22 ਜੁਲਾਈ 2023 (ਦੀ ਪੰਜਾਬ ਵਾਇਰ) । ਹਿਮਾਚਲ ਅਤੇ ਗੁਰਦਾਸਪੁਰ ਜ਼ਿਲ੍ਹੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹਲਕਾ ਦੀਨਾਨਗਰ ਦੇ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ। ਜਿਸ ਕਾਰਨ ਰਾਵੀ ਦਰਿਆ ਦਾ ਪਾਣੀ ਪਿੰਡਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਹਾਲਾਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਣਕਾਰੀ ਮਿਲਣ ਤੇ ਸਮੇਂ ਸਿਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਧਿਆਨ ਰਹੇ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਠਾਕੁਰਪੁਰ ਸਥਿਤ ਬੀ.ਐਸ.ਐਫ ਪੋਸਟ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਅਤੇ ਚੌਕੀ ਤੱਕ ਪਹੁੰਚਣ ਦਾ ਰਸਤਾ ਵੀ ਕੱਟਿਆ ਜਾ ਸਕਦਾ ਸੀ। ਮੌਕੇ ’ਤੇ ਪੁੱਜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਐਸਐਫ ਅਧਿਕਾਰੀਆਂ ਵੱਲੋਂ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਹੁਣ ਤੱਕ ਰਾਵੀ ਦਰਿਆ ਦਾ ਪਾਣੀ ਇਸ ਇਲਾਕੇ ਦੇ ਕਿਸਾਨਾਂ ਦੀਆਂ ਕਈ ਏਕੜ ਫ਼ਸਲਾਂ ਬਰਬਾਦ ਕਰ ਚੁੱਕਾ ਹੈ। ਮੌਕੇ ’ਤੇ ਪੁੱਜੇ ‘ਆਪ’ ਦੇ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਵੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਪਿੰਡ ਠਾਕੁਰਪੁਰ ਦੇ ਕਿਸਾਨਾਂ ਨੇ ਦੱਸਿਆ ਕਿ ਰਾਵੀ ਦਰਿਆ ਪਿੰਡ ਤੋਂ ਡੇਢ ਕਿਲੋਮੀਟਰ ਦੂਰ ਹੈ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਅਤੇ ਪਾਣੀ ਪਿੰਡ ਵਿੱਚ ਪੁੱਜਣਾ ਸ਼ੁਰੂ ਹੋ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਠਾਕਰਪੁਰ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ। ਜਿਸ ਕਾਰਨ ਇਹ ਪਾਣੀ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਵੜ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾੜ ਨੂੰ ਜਲਦੀ ਨਾ ਭਰਿਆ ਗਿਆ ਤਾਂ ਇਹ ਪਾਣੀ ਪਿੰਡਾਂ ਵਿੱਚ ਭਾਰੀ ਤਬਾਹੀ ਮਚਾ ਸਕਦਾ ਹੈ।
ਦੂਜੇ ਪਾਸੇ ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਧੁੱਸੀ ਨੂੰ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ ਜੋ ਪਹਿਲਾਂ 1.25 ਲੱਖ ਕਿਊਸਿਕ ਸੀ, ਲਗਾਤਾਰ ਮੀਂਹ ਪੈਣ ਕਾਰਨ ਇਹ ਵੱਧ ਕੇ 1.45 ਲੱਖ ਕਿਊਸਿਕ ਹੋ ਗਿਆ ਹੈ। ਪਰ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਸਾਨੂੰ 2.6 ਲੱਖ ਕਿਊਸਿਕ ਪਾਣੀ ਦਾ ਸਾਹਮਣਾ ਕੀਤਾ ਹੈ । ਉਨ੍ਹਾਂ ਦੱਸਿਆ ਕਿ ਛੋਟੇ-ਛੋਟੇ ਟੋਏ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਨੂੰ ਭਰਨ ਦਾ ਕੰਮ ਲਗਾਤਾਰ ਜਾਰੀ ਹੈ ।
ਇੱਥੇ ਇਹ ਦੱਸ ਦੇਣਾ ਵੀ ਲਾਜ਼ਮੀ ਹੈ ਕਿ ਡੀਸੀ ਕਮ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਅੱਜ ਸਵੇਰੇ ਹੀ ਹੁਕਮ ਜਾਰੀ ਕਰਦੇ ਹੋਏ ਨਦੀਆਂ/ਨਾਲਿਆਂ ਦੀਆਂ ਪੁਲੀਆਂ ਨੂੰ ਬਲਾਕ ਕਰਨ ਵਾਲਿਆਂ ਉੱਪਰ ਕਾਨੂੰਨੀ ਕਾਰਵਾਈ ਕਰਨ ਸਬੰਧੀ ਆਰਡਰ ਜਾਰੀ ਕੀਤੇ ਗਏ ਹਨ। ਆਰਡਰ ਪੜ੍ਨ ਲਈ ਹੇਠ ਦਿੱਤੇ ਕਲਿੱਕ ਤੇ ਜਾਓ।
?ਸਾਵਧਾਨ- ਨਦੀਆਂ/ਨਾਲਿਆਂ ਦੀਆਂ ਪੁਲੀਆਂ ਨੂੰ ਬਲਾਕ ਕਰਨ ਵਾਲਿਆਂ ਉੱਪਰ ਹੋਵੇਗੀ ਕਾਨੂੰਨੀ ਕਾਰਵਾਈ – The Punjab Wire
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਲੈਂਡ ਪੋਰਟ ਅਥਾਰਟੀ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜਾ ਲੈਣ ਤੋਂ ਬਾਅਦ 2 ਦਿਨਾਂ ਲਈ ਹੋਰ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ ਹੁਣ 24 ਜੁਲਾਈ ਦਿਨ ਸੋਮਵਾਰ ਦੀ ਸ਼ਾਮ ਨੂੰ ਦੁਬਾਰਾ ਰੀਵਿਊ ਕੀਤਾ ਜਾਵੇਗਾ। ਖ਼ਬਰ ਪੜਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋਂ।
ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੋ ਦਿਨਾਂ ਲਈ ਹੋਰ ਮੁਲਤਵੀ ਹੋਈ – The Punjab Wire
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਰਿਆਵਾਂ ਦੇ ਨੇੜੇ ਆਪ ਖੁਦ ਅਤੇ ਆਪਣੇ ਪਸ਼ੂਆਂ ਨਾ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਲੈ ਕੇ ਬਿਲਕੁਲ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਪੂਰੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਨੇੜੇ ਰਹਿੰਦੇ ਲੋਕ ਚੌਕਸ ਰਹਿਣ ਅਤੇ ਜਦੋਂ ਵੀ ਕਿਸੇ ਨੂੰ ਲੋੜ ਮਹਿਸੂਸ ਹੋਵੇ ਉਹ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਜਾਂ ਟੋਲ ਫਰੀ ਨੰਬਰ 1800-180-1852 ’ਤੇ ਸੰਪਰਕ ਕਰ ਸਕਦੇ ਹਨ।