ਜ਼ਿਲ੍ਹਾ ਮੈਜਿਸਟਰੇਟ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਵਧੇਰੇ ਚੌਕਸੀ ਵਰਤਣ ਦੀ ਹਦਾਇਤ ਕੀਤੀ
ਗੁਰਦਾਸਪੁਰ, 17 ਜੁਲਾਈ 2023 ( ਦੀ ਪੰਜਾਬ ਵਾਇਰ )। ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਸਰਹੱਦੀ ਪਿੰਡਾਂ ਵਿੱਚ ਗਠਿਤ ਕੀਤੀਆਂ ਗਈਆਂ ਬਾਰਡਰ ਵਿਲੇਜ ਡਿਫੈਂਸ ਕਮੇਟੀਆਂ ਅਤੇ ਪਿੰਡ ਦੇ ਹੋਰ ਵਸਨੀਕਾਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਉਨ੍ਹਾਂ ਦੀ ਹਦੂਦ ਅੰਦਰ ਸਰਹੱਦੀ ਪਿੰਡਾਂ ਵਿੱਚ ਅਣਪਛਾਤਾ ਵਿਅਕਤੀ ਜਾਂ ਅਣਪਛਾਤਾ ਜਾਂ ਜਿਲ੍ਹੇ ਤੋਂ ਬਾਹਰ ਦਾ ਵਾਹਨ ਪਾਇਆ ਜਾਂਦਾ ਹੈ ਤਾਂ ਇਸ ਦੀ ਸੂਚਨਾਂ ਤੁਰੰਤ ਇਸ ਦਫਤਰ ਦੇ ਟੋਲ ਫਰੀ ਹੈਲਪਲਾਈਨ ਨੰਬਰ 1800-180-1852 ’ਤੇ ਦਿੱਤੀ ਜਾਵੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਸਰਹੱਦੀ ਖੇਤਰ ਵਾਲੇ ਪਿੰਡਾਂ ਵਿੱਚ ਪਿੰਡ ਤੋਂ ਬਾਹਰ ਰਹਿਣ ਵਾਲੇ ਵਿਅਕਤੀਆਂ ਅਤੇ ਬਾਹਰਲੇ ਜ਼ਿਲ੍ਹਿਆ ਜਾਂ ਰਾਜਾਂ ਦੇ ਵਾਹਨਾਂ ਦੀ ਗਤਿਵਿਧੀ ਪਿਛਲੇ ਦਿਨੀ ਵਧੀ ਹੈ। ਇਸ ਲਈ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਹੋਰ ਵੀ ਚੌਕਸ ਹੋਣ ਦੀ ਲੋੜ ਹੈ।
ਇਸਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਅਤੇ ਬਟਾਲਾ ਨੂੰ ਵੀ ਹਦਾਇਤ ਕੀਤੀ ਹੈ ਕਿ ਸਰਹੱਦੀ ਪਿੰਡਾਂ ਨਾਲ ਸਬੰਧਤ ਮੁੱਖ ਥਾਣਾ ਅਫਸਰਾਂ ਨੂੰ ਹਦਾਇਤ ਕੀਤੀ ਜਾਵੇ ਕੇ ਉਹ ਆਮ ਲੋਕਾਂ ਨੂੰ ਪਰੇਸ਼ਾਨ ਕੀਤੇ ਬਿਨ੍ਹਾਂ ਸਰਹੱਦੀ ਪਿੰਡਾਂ ਵਿੱਚ ਜ਼ਿਲ੍ਹੇ ਤੋਂ ਬਾਹਰ ਦੀ ਨੰਬਰ ਪਲੇਟ ਵਾਲੇ ਵਾਹਨਾਂ ਦੀ ਚੈਕਿੰਗ ਕਰਨੀ ਯਕੀਨੀ ਬਣਾਉਣ ਅਤੇ ਇਸਦੀ ਰਿਪੋਰਟ ਮਹੀਨਾਵਾਰ ਹੁੰਦੀ ਐੱਨਕੋਰਟ ਦੀ ਮੀਟਿੰਗ ਵਿੱਚ ਭੇਜਣੀ ਯਕੀਨੀ ਬਨਾਉਣ।