ਗੁਰਦਾਸਪੁਰ

ਡਿਪਟੀ ਕਮਿਸ਼ਨਰ ਵੱਲੋਂ ਜੇਲ੍ਹ ਵਿੱਚ ਬੰਦ ਬੰਦੀਆਂ ਲਈ ‘ਸਿੱਖਿਆ ਦਾਤ’ ਪ੍ਰੋਗਰਾਮ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਜੇਲ੍ਹ ਵਿੱਚ ਬੰਦ ਬੰਦੀਆਂ ਲਈ ‘ਸਿੱਖਿਆ ਦਾਤ’ ਪ੍ਰੋਗਰਾਮ ਦੀ ਸ਼ੁਰੂਆਤ
  • PublishedJuly 11, 2023

ਜੇਲ੍ਹ ਵਿੱਚ ਬੰਦ ਬੰਦੀ ਹੁਣ ਸਿੱਖਿਆ ਦੀ ਦਾਤ ਲੈ ਕੇ ਆਪਣੀ ਜ਼ਿੰਦਗੀ ਨੂੰ ਬੇਹਤਰ ਬਣਾਉਣਗੇ

ਪਹਿਲੇ ਬੈਚ ਵਿੱਚ 22 ਲੜਕੀਆਂ, ਔਰਤਾਂ ਅਤੇ 18 ਨੌਜਵਾਨ ਲੜਕਿਆਂ ਨੇ ਦਾਖਲਾ ਲਿਆ

ਦਸਵੀਂ, ਬਾਹਰਵੀਂ, ਬੀ.ਏ. ਐੱਮ.ਏ, ਦੀ ਪੜ੍ਹਾਈ ਦੇ ਨਾਲ ਸਕਿੱਲ ਡਿਵੈਲਪਮੈਂਟ ਦੇ ਕੋਰਸ ਵੀ ਕਰਵਾਏ ਜਾਣਗੇ

ਗੁਰਦਾਸਪੁਰ, 11 ਜੁਲਾਈ 2023 (ਦੀ ਪੰਜਾਬ ਵਾਇਰ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਇੱਕ ਹੋਰ ਪਹਿਲਕਦਮੀ ਕਰਦਿਆਂ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਬੰਦ ਬੰਦੀਆਂ ਲਈ ‘ਸਿੱਖਿਆ ਦਾਤ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਜ਼ਰੀਏ ਹੁਣ ਜੇਲ੍ਹ ਵਿੱਚ ਬੰਦ ਬੰਦੀ ਸਿੱਖਿਆ ਗ੍ਰਹਿਣ ਕਰ ਸਕਣਗੇ। ਸਮਰਪਣ ਸੁਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਸ਼ੁਰੂ ਹੋਏ ‘ਸਿੱਖਿਆ ਦਾਤ’ ਪ੍ਰੋਗਰਾਮ ਦੇ ਪਹਿਲੇ ਬੈਚ ਵਿੱਚ 22 ਲੜਕੀਆਂ ਅਤੇ ਔਰਤਾਂ ਨੇ ਆਪਣਾ ਨਾਮ ਲਿਖਾਇਆ ਹੈ ਜਦਕਿ 18 ਨੌਜਵਾਨ ਲੜਕੇ ਵੀ ਸਿੱਖਿਆ ਹਾਸਲ ਕਰਨ ਲਈ ਅੱਗੇ ਆਏ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ‘ਸਿੱਖਿਆ ਦਾਤ’ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿੱਖਿਆ ਦਾ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ ਅਤੇ ਸਿੱਖਿਆ ਗ੍ਰਹਿਣ ਕਰਕੇ ਹੀ ਮਨੁੱਖ ਹਰ ਮੁਕਾਮ ਹਾਸਲ ਕਰ ਸਕਦਾ ਹੈ। ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ‘ਸਿੱਖਿਆ ਦਾਤ’ ਪ੍ਰੋਗਰਾਮ ਤਹਿਤ ਬੰਦੀਆਂ ਨੂੰ ਦਸਵੀਂ, ਬਾਹਰਵੀਂ, ਬੀ.ਏ. ਐੱਮ.ਏ, ਦੀ ਪੜ੍ਹਾਈ ਦੇ ਨਾਲ ਸਕਿੱਲ ਡਿਵੈਲਪਮੈਂਟ ਦੇ ਕੋਰਸ ਵੀ ਕਰਵਾਏ ਜਾਣਗੇ।

ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਇਹ ਪ੍ਰੋਜੈਕਟ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ‘ਸਿੱਖਿਆ ਦਾਤ’ ਨਾਲ ਜੇਲ੍ਹ ਵਿੱਚ ਬੰਦ ਬਹੁਤ ਸਾਰੇ ਬੰਦੀਆਂ ਦੀ ਜ਼ਿੰਦਗੀ ਬਣਨੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਸੁਧਾਰ ਘਰ ਵੀ ਕਿਹਾ ਜਾਂਦਾ ਹੈ ਅਤੇ ਜਦੋਂ ਇਸ ਜੇਲ੍ਹ ਵਿੱਚ ਬੰਦ ਬੰਦੀ ‘ਸਿੱਖਿਆ ਦਾਤ’ ਪ੍ਰਾਪਤ ਕਰਕੇ ਬਾਹਰ ਜਾਣਗੇ ਤਾਂ ਉਹ ਸੱਚਮੁੱਚ ਹੀ ਆਪਣੇ ਆਪ ਵਿੱਚ ਹਾਂ-ਪੱਖੀ ਬਦਲਾਵ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਿੱਖਿਆ ਦੀ ਬਦੌਲਤ ਹੀ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਹੋਰ ਬੇਹਤਰ ਬਣਾ ਸਕਣਗੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ‘ਸਿੱਖਿਆ ਦਾਤ’ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਜ਼ਮਾਨਤ ਮਿਲ ਜਾਂਦੀ ਹੈ ਜਾਂ ਉਨ੍ਹਾਂ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਉਹ ਬਾਹਰ ਜਾ ਕੇ ਵੀ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਜੇਲ੍ਹ ਤੋਂ ਬਾਹਰ ਵੀ ਪੜ੍ਹਾਈ ਵਿੱਚ ਹਰ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਗੁਰਦਾਸਪੁਰ ਤੋਂ ਬਦਲੀ ਵੀ ਹੋ ਜਾਂਦੀ ਹੈ ਤਾਂ ਵੀ ਉਹ ‘ਸਿੱਖਿਆ ਦਾਤ’ ਪ੍ਰੋਗਰਾਮ ਰਾਹੀਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹਰ ਸਹਾਇਤਾ ਲਈ ਹਾਜ਼ਰ ਰਹਿਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅਧਿਆਪਕਾਂ ਦਾ ਪੂਰਾ ਮਾਣ-ਸਤਿਕਾਰ ਕਰਨ ਅਤੇ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲ ਗਿਆਨ ਨੂੰ ਹਾਸਲ ਕਰਕੇ ਆਪਣੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰਨ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ ਕਰਕੇ ਜੇਲ੍ਹ ਵਿੱਚ ਬੰਦ ਬੰਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜਾ ਵੀ ਲਿਆ। ਇਸ ਮੌਕੇ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਸ. ਨਵਇੰਦਰ ਸਿੰਘ, ਡਿਪਟੀ ਜੇਲ੍ਹ ਸੁਪਰਡੈਂਟ ਸ. ਹਰਭਜਨ ਸਿੰਘ, ਸਹਾਇਕ ਡਿਪਟੀ ਜੇਲ੍ਹ ਸੁਪਰਡੈਂਟ ਸ. ਅਵਤਾਰ ਸਿੰਘ, ਪਰਮਜੀਤ ਸਿੰਘ ਪ੍ਰਧਾਨ ਈ-ਸੇਵਾ ਸੁਸਾਇਟੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ. ਪਰਮਿੰਦਰ ਸਿੰਘ, ਅਧਿਆਪਕਾ ਅਰੂਸੀ ਮਹਾਜਨ ਅਤੇ ਤਰਨਜੋਤ ਕੌਰ ਵੀ ਹਾਜ਼ਰ ਸਨ।

Written By
The Punjab Wire