ਗੁਰਦਾਸਪੁਰ

ਮੁਹੱਲਾ ਆਦਰਸ਼ ਨਗਰ ਦੀਆਂ ਮਹਿਲਾਵਾਂ ਨੇ ਚੇਅਰਮੈਨ ਰਮਨ ਬਹਿਲ ਨੂੰ ਦੱਸੀ ਬਲਾਕ ਹੋਏ ਸੀਵਰੇਜ ਦੀ ਸਮੱਸਿਆ

ਮੁਹੱਲਾ ਆਦਰਸ਼ ਨਗਰ ਦੀਆਂ ਮਹਿਲਾਵਾਂ ਨੇ ਚੇਅਰਮੈਨ ਰਮਨ ਬਹਿਲ ਨੂੰ ਦੱਸੀ ਬਲਾਕ ਹੋਏ ਸੀਵਰੇਜ ਦੀ ਸਮੱਸਿਆ
  • PublishedJuly 11, 2023

ਬਹਿਲ ਨੇ ਕੁਝ ਹੀ ਘੰਟਿਆਂ ਵਿੱਚ ਸ਼ੁਰੂ ਕਰਵਾਇਆ ਸੀਵਰੇਜ ਦੀ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਕਰਨ ਲਈ ਕੰਮ

ਤੁਰੰਤ ਸ਼ੁਰੂ ਕਰਵਾਈ ਕਾਰਵਾਈ

*ਸੀਵਰੇਜ ਬੋਰਡ ਨੇ ਬਲਾਕ ਹੋਈਆਂ ਪਾਇਪਾਂ ਪੁੱਟ ਕੇ ਨਵੀਆਂ ਪਾਇਪਾਂ ਪਾਉਣ ਦਾ ਕੰਮ ਕੀਤਾ ਸ਼ੁਰੂ*

ਗੁਰਦਾਸਪੁਰ, 11 ਜੁਲਾਈ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰ ਦੇ ਮਹੱਲਾ ਆਦਰਸ਼ ਨਗਰ ਮੰਡੀ ਵਿਖੇ ਬਾਰਿਸ਼ ਦੌਰਾਨ ਸੀਵਰੇਜ ਦਾ ਪਾਣੀ ਘਰਾਂ ਵਿੱਚ ਵੜਨ ਕਾਰਨ ਇਸ ਮੁਹੱਲੇ ਦੀਆਂ ਮਹਿਲਾਵਾਂ ਨੇ ਤੁਰੰਤ ਆਪਣੀ ਸਮੱਸਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਫੋਨ ਕਰਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਅਤੇ ਰਮਨ ਬਹਿਲ ਨੇ ਤੁਰੰਤ ਐਕਸ਼ਨ ਲੈਂਦਿਆਂ ਸੀਵਰੇਜ ਬੋਰਡ ਨਾਲ ਸਬੰਧਿਤ ਐਕਸੀਅਨ ਅਤੇ ਐੱਸ.ਡੀ.ਓ ਨੂੰ ਹਦਾਇਤਾਂ ਦੇ ਕੇ ਇਸ ਮੁਹੱਲੇ ਅੰਦਰ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ।

ਇਸਦੇ ਚੱਲਦਿਆਂ ਸੀਵਰੇਜ ਬੋਰਡ ਦੇ ਮੁਲਾਜਮਾਂ ਨੇ ਅੱਜ ਹੀ ਇਸ ਮੁਹੱਲੇ ਵਿੱਚ ਬਲਾਕ ਹੁੰਦੇ ਸੀਵਰੇਜ ਦੀ ਸਮੱਸਿਆ ਦੇ ਪੱਕੇ ਹੱਲ ਲਈ ਬਲਾਕ ਹੋਏ ਪਾਇਪ ਨੂੰ ਪੁੱਟ ਕੇ ਉਨ੍ਹਾਂ ਦੇ ਜਗ੍ਹਾਂ ਨਵੇਂ ਪਾਇਪ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਮੁਹੱਲੇ ਅੰਦਰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਮੁਹੱਲਾ ਵਾਸੀਆਂ ਭਾਰਤੀ ਸ਼ਰਮਾ, ਮੁਕੇਸ਼ ਸਾਵਲ ਅਤੇ ਐੱਸ.ਐੱਨ ਵਾਲੀਆ ਨੇ ਦੱਸਿਆ ਕਿ ਮੁਹੱਲਾ ਆਦਰਸ਼ ਨਗਰ ਵਿੱਚ ਅਕਸਰ ਸੀਵਰੇਜ ਬਲਾਕ ਰਹਿੰਦਾ ਹੈ ਅਤੇ ਬਾਰਿਸ਼ ਦੌਰਾਨ ਇੱਥੇ ਸਥਿਤੀ ਇੰਨ੍ਹੀ ਬਦਤਰ ਹੋ ਗਈ ਸੀ ਕਿ ਉਨ੍ਹਾਂ ਦੇ ਘਰਾਂ ਵਿੱਚ ਸੀਵਰੇਜ ਦਾ ਪਾਣੀ ਪਹੁੰਚ ਗਿਆ ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋਣ ਲੱਗ ਪਿਆ ਅਤੇ ਘਰਾਂ ਵਿੱਚ ਗੰਦਗੀ ਫੈਲ ਗਈ ਸੀ। ਇਸ ਕਾਰਨ ਮਹਿਲਾਵਾਂ ਨੇ ਆਪਣੀ ਇਸ ਸਮੱਸਿਆ ਸਬੰਧੀ ਚੇਅਰਮੈਨ ਰਮਨ ਬਹਿਲ ਨੂੰ ਜਾਣੂ ਕਰਵਾਇਆ ਜਿਸਦੇ ਬਾਅਦ ਚੇਅਰਮੈਨ ਰਮਨ ਬਹਿਲ ਨੇ ਇਸ ਵੱਡੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਸੀਵਰੇਜ ਬੋਰਡ ਦੇ ਐਕਸੀਅਨ ਅਤੇ ਐੱਸ.ਡੀ.ਓ ਨੂੰ ਹਦਾਇਤ ਕੀਤੀ ਕਿ ਇਸ ਮੁਹੱਲੇ ਵਿੱਚ ਇਸ ਸਮੱਸਿਆ ਦੇ ਪੱਕੇ ਹੱਲ ਲਈ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਰਮਨ ਬਹਿਲ ਦੀਆਂ ਹਦਾਇਤਾਂ ‘ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਇੱਥੇ ਕੰਮ ਸ਼ੁਰੂ ਕਰਵਾ ਦਿੱਤਾ ਹੈ। ਜਿਸ ਕਾਰਨ ਸਮੂਹ ਮੁਹੱਲਾ ਨਿਵਾਸੀਆਂ ਨੇ ਚੇਅਰਮੈਨ ਰਮਨ ਬਹਿਲ ਅਤੇ ਪੰਜਾਬ ਸਰਕਾਰ ਦੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਹਰੇਕ ਸਮੱਸਿਆ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਪੂਰੇ ਪੰਜਾਬ ਅੰਦਰ ਪਾਣੀ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ ਪਰ ਇਸਦੇ ਬਾਵਜੂਦ ਪੰਜਾਬ ਸਰਕਾਰ, ਪੰਜਾਬ ਸਰਕਾਰ ਦਾ ਸਮੁੱਚਾ ਪ੍ਰਸ਼ਾਸਨ ਅਤੇ ਆਮ ਆਦਮੀ ਦੇ ਵਲੰਟੀਅਰ ਆਮ ਲੋਕਾਂ ਦੀ ਮਦਦ ਦੇ ਨਾਲ ਪੀੜਤ ਲੋਕਾਂ ਨੂੰ ਰਾਹਤ ਦਵਾਉਣ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦ ਹੀ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿ ਕਿਹੜੇ ਇਲਾਕਿਆਂ ਵਿੱਚ ਪਾਣੀ ਬਲਾਕ ਹੋਣ ਜਾਂ ਓਵਰਫੋਲ ਹੋਣ ਦੇ ਕੀ ਕਾਰਨ ਹਨ। 

ਇਸ ਸਬੰਧੀ ਸਾਰੀ ਰਿਪੋਰਟ ਤਿਆਰ ਕਰਵਾ ਕੇ ਬਹੁਤ ਜਲਦੀ ਇਸ ‘ਤੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਅਜਿਹਾ ਨੁਕਸਾਨ ਨਾ ਹੋਵੇ। ਬਹਿਲ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਨੇ ਇਸ ਸਾਲ ਇਤਿਹਾਸਿਕ ਉਪਲਬਧੀਆਂ ਕੀਤੀਆਂ ਹਨ। ਜਿਸ ਕਾਰਨ ਸਮੁੱਚੇ ਪੰਜਾਬ ਦੇ ਕਿਸਾਨ ਪੰਜਾਬ ਬੇਹੱਦ ਖੁਸ਼ ਸਨ। ਇਸੇ ਤਰ੍ਹਾਂ ਹੁਣ ਆਉਣ ਵਾਲੇ ਸਮੇਂ ਵਿੱਚ ਡਰੇਨਾਂ ਅਤੇ ਨਿਕਾਸੀ ਨਾਲਿਆਂ ਦੀ ਸਫਾਈ ਦਾ ਕੰਮ ਵੀ ਪੂਰੀ ਗੰਭੀਰਤਾ ਨਾਲ ਕਰਵਾਇਆ ਜਾਵੇਗਾ ਤਾਂ ਜੋ ਪਾਣੀ ਦਾ ਨਿਕਾਸ ਅਸਾਨੀ ਨਾਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁਹੱਲਾ ਆਦਰਸ਼ ਨਗਰ ਦੀਆਂ ਕੁਝ ਮਹਿਲਾਵਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਵੜੇ ਪਾਣੀ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਸੀ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਇਸ ਲਈ ਉਨ੍ਹਾਂ ਨੇ ਤੁਰੰਤ ਇਸ ਸਬੰਧ ਵਿੱਚ ਕਾਰਵਾਈ ਸ਼ੁਰੂ ਕਰਵਾਈ ਹੈ ਅਤੇ ਸ਼ਹਿਰ ਦੇ ਹੋਰ ਵੀ ਜਿਹੜੇ ਹਿੱਸਿਆਂ ਵਿੱਚ ਅਜਿਹੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਵੀ ਜਲਦੀ ਹੱਲ ਕਰਵਾ ਦਿੱਤਾ ਜਾਵੇਗਾ।

Written By
The Punjab Wire