ਬੇਟ ਖੇਤਰ ਵਿਚ ਮੀਂਹ ਨਾਲ ਭਰਿਆ ਪਾਣੀ,ਹਜਾਰਾ ਏਕੜ ਝੋਨੇ ਦੀ ਫਸਲ ਬਰਬਾਦ,ਖੇਤੀਬਾੜੀ ਵਿਭਾਗ ਦੀ ਟੀਮ ਵੱਲੋ ਪਿੰਡਾ ਦਾ ਦੌਰਾ।
ਗੁਰਦਾਸਪੁਰ, 10 ਜੁਲਾਈ 2023 (ਦੀ ਪੰਜਾਬ ਵਾਇਰ)। ਪਿਛਲੇ ਦਿਨੀਂ ਪਈ ਭਾਰੀ ਬਰਸਾਤ ਕਾਰਨ ਭੈਣੀ ਮੀਆਂ ਖਾਂ ਬੇਟ ਖੇਤਰ ਦੇ ਕਿਸਾਨਾਂ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ।ਇਸ ਮੌਕੇ ਅੱਜ ਕਾਹਨੂੰਵਾਨ ਖੇਤੀਬਾੜੀ ਵਿਭਾਗ ਦੀ ਟੀਮ ਵਲੋ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਭੱਟੀ ਤੇ ਕਮਲਜੀਤ ਸਿੰਘ ਬਾਜਵਾ ਦੀ ਅਗਵਾਹੀ ਹੇਠ ਨਾਨੋਵਾਲ ਕਲਾਂ ਅਤੇ ਹੋਰ ਅਨੇਕਾਂ ਪਿੰਡਾ ਦਾ ਦੌਰਾ ਕੀਤਾ। ਇਸ ਮੌਕੇ ਓਹਨਾਂ ਨੇ ਦੱਸਿਆ ਕਿ ਬੇਟ ਖੇਤਰ ਦੇ ਬਹੁਤ ਸਾਰੇ ਪਿੰਡਾ ਵਿਚ ਪਾਣੀ ਭਰਿਆ ਪਿਆ ਹੈ,ਜਿਸ ਕਾਰਨ ਝੋਨੇ ਦੀ ਫਸਲ ਦੇ ਖਰਾਬ ਹੋਣ ਦਾ ਖਦਸਾ ਹੈ।ਇਸ ਮੌਕੇ ਪਿੰਡ ਨਾਨੋਵਾਲ ਕਲਾ ਨੇੜੇ 500 ਏਕੜ ਦੇ ਨਜਦੀਕ ਫਸਲ ਪੂਰੀ ਤਰਾ ਪਾਣੀ ਵਿਚ ਡੁੱਬੀ ਹੈ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਆਗੂ ਗੁਰਪ੍ਰੀਤ ਨਾਨੋਵਾਲ ਨੇ ਦੱਸਿਆ ਕਿ ਬੇਟ ਖੇਤਰ ਵਿਚ ਡਰੇਨਾਂ ਦੀ ਸਫਾਈ ਦਾ ਮਾੜਾ ਹਾਲ ਹੈ ਜਿੱਥੇ ਜਿੱਥੇ ਪਾਣੀ ਭਰਿਆ ਹੈ ਓਥੇ ਤਕਰੀਬਨ ਪਿਛਲੇ 5 ਸਾਲ ਤੋਂ ਸਫਾਈ ਨਹੀ ਹੋਈ ਜਿਸ ਕਾਰਨ ਬਹੁਤ ਸਾਰੇ ਦਰਖਤ ਵਿਚ ਪਏ ਹਨ ਅਤੇ ਡਰੇਨਾਂ ਪੂਰੀ ਤਰਾ ਬੰਦ ਪਈਆਂ ਹਨ।ਬਰਸਾਤ ਕਾਰਨ ਕਿਸਾਨਾਂ ਦੇ ਮੋਟਰਾ ਦੇ ਕੋਠੇ ਅਤੇ ਮੋਟਰਾਂ ਪੂਰੀ ਤਰਾ ਨੁਕਸਾਨਿਆ ਗਈਆਂ ਹਨ,ਜੇਕਰ ਸਮਾ ਰਹਿੰਦੇ ਇਹਨਾਂ ਡਰੇਨਾਂ ਦੀ ਸਫਾਈ ਕਾਰਵਾਈ ਹੁੰਦੀ ਤਾਂ ਅੱਜ ਇਸ ਇਲਾਕੇ ਦੇ ਇਹ ਹਾਲ ਨਾ ਹੁੰਦੇ।ਘਲੂਘਾਰਾ ਸਾਹਿਬ ਤੋਂ ਆਉਣ ਵਾਲੀ ਨਹਿਰ ਨਾਨੋਵਾਲ ਖੁਰਦ ਤੋਂ ਅੱਗੇ ਪੂਰੀ ਤਰਾ ਜੜੀ ਬੂਟੀ ਨਾਲ ਭਰੀ ਪਈ ਹੈ ਜਿਸ ਕਾਰਨ ਪਾਣੀ ਅੱਗੇ ਨਹੀਂ ਜਾ ਰਿਹਾ ।ਕਿਸਾਨਾਂ ਨੇ ਮੰਗ ਕੀਤੀ ਕੇ ਜਦੋਂ ਵੀ ਪਾਣੀ ਉਤਰਦਾ ਹੈ ਤਾਂ ਤੁਰੰਤ ਇਹਨਾਂ ਡਰੇਨਾਂ ਦੀ ਸਫਾਈ ਪਹਿਲਾ ਦੇ ਅਧਾਰ ਤੇ ਕਾਰਵਾਈ ਜਾਵੇ।ਇਸ ਮੌਕੇ ਦੇਖਿਆ ਗਿਆ ਕੇ ਪਾਣੀ ਪਿੰਡ ਦੇ ਵਿਚ ਤੱਕ ਜਾ ਚੁੱਕਾ ਹੈ ਜੇਕਰ ਹੋਰ ਬਰਸਾਤ ਹੁੰਦੀ ਹੈ ਤਾਂ ਪਾਣੀ ਪਿੰਡ ਵਿੱਚ ਭਰਨ ਦਾ ਵੀ ਖਤਰਾ ਹੈ।ਇਸ ਮੌਕੇ ਖੇਤੀਬਾੜੀ ਵਿਭਾਗ ਦੀ ਟੀਮ ਅਤੇ ਪਿੰਡ ਵਾਸੀ ਹਾਜਿਰ ਸਨ।