ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਹੰਗਾਮੀ ਹਾਲਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ – ਰਮਨ ਬਹਿਲ
ਗੁਰਦਾਸਪੁਰ, 9 ਜੁਲਾਈ 2023 (ਦੀ ਪੰਜਾਬ ਵਾਇਰ) । ਬੀਤੇ 2 ਦਿਨਾਂ ਤੋਂ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਪੈ ਰਹੀ ਭਾਰੀ ਬਾਰਸ਼ ਕਾਰਨ ਜ਼ਿਲ੍ਹਾ ਗੁਰਦਾਸਪੁਰ ਵਿਚੋਂ ਲੰਘਦੇ ਦਰਿਆਵਾਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸੇ ਦੌਰਾਨ ਕਿਰਨ ਨਾਲੇ ਵਿੱਚ ਵੀ ਪਾਣੀ ਦਾ ਪੱਧਰ ਵੱਧਿਆ ਹੋਇਆ ਹੈ। ਹਾਲਾਂਕਿ ਜ਼ਿਲ੍ਹਾ ਗੁਰਦਾਸਪੁਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
ਇਸੇ ਦੌਰਾਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਕਿਰਨ ਨਾਲੇ ਦੇ ਕੰਢੇ ਸਥਿਤ ਪਿੰਡਾਂ ਆਲੀਨੰਗਲ, ਮੁਕੰਦਪੁਰ, ਚੱਕੂਵਾਲ ਅਤੇ ਸਿੰਘੋਵਾਲ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੀਂਹ ਕਾਰਨ ਖੇਤਾਂ ਵਿੱਚ ਜਮ੍ਹਾਂ ਹੋਏ ਪਾਣੀ ਦਾ ਜਾਇਜਾ ਲਿਆ ਅਤੇ ਹਾਜ਼ਰ ਪਿੰਡਾਂ ਦੇ ਵਸਨੀਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਹੰਗਾਮੀ ਹਾਲਤ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅੱਜ ਉੱਜ ਅਤੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਜਰੂਰ ਵਧਿਆ ਸੀ ਪਰ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ। ਉਨ੍ਹਾਂ ਸਥਾਨਕ ਲੋਕਾਂ ਨੂੰ ਕਿਹਾ ਕਿ ਉਹ ਚੌਕਸੀ ਰੱਖਣ ਅਤੇ ਜਦੋਂ ਵੀ ਕਿਤੇ ਉਨ੍ਹਾਂ ਨੂੰ ਪਾਣੀ ਦਾ ਪੱਧਰ ਵੱਧਦਾ ਦਿਖਾਈ ਦੇਵੇ ਤਾਂ ਉਹ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 1800-180-1852 ਅਤੇ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 `ਤੇ ਸੂਚਨਾ ਦੇਣ।