ਕ੍ਰਾਇਮ ਗੁਰਦਾਸਪੁਰ

ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਪੁਲਿਸ ਤਸ਼ੱਦਦ ਦੀ ਸ਼ਿਕਾਰ ਲੜਕੀ ਬਾਰੇ ਜਾਂਚ ਪੜਤਾਲ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਪੁਲਿਸ ਤਸ਼ੱਦਦ ਦੀ ਸ਼ਿਕਾਰ ਲੜਕੀ ਬਾਰੇ ਜਾਂਚ ਪੜਤਾਲ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ
  • PublishedJuly 7, 2023

ਜੱਜ ਸਾਹਿਬਾ ਦੇ ਘਰ ਹੋਈ ਚੋਰੀ ਦੇ ਦੋਸ਼ੀਆਂ ਅਤੇ ਵੱਧ ਰਹੀਆਂ ਚੋਰੀ ਤੇ ਲੁੱਟ ਖੋਹ ਦੀ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ

ਗੁਰਦਾਸਪੁਰ 7 ਜੁਲਾਈ 2023 (ਦੀ ਪੰਜਾਬ ਵਾਇਰ)। ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋ ਇੱਕ ਜੱਜ ਦੇ ਘਰ ਚੋਰੀ ਦੇ ਮਾਮਲੇ ਵਿੱਚ ਪੁਛ-ਗਿਛ ਲਈ ਥਾਣੇ ਲਿਆਂਦੀ ਲੜਕੀ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਕਥਿਤ ਅਣਮਨੁੱਖੀ ਤਸ਼ੱਦਦ ਬਾਰੇ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ ਵਲੋਂ ਇੱਕ ਮੀਟਿੰਗ ਦੋਰਾਨ ਜਾਂਚ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਜਾਂਚ ਕਮੇਟੀ ਦੀ ਪ੍ਰਧਾਨਗੀ ਸਾਬਕਾ ਸਿਵਲ ਸਰਜਨ ਡਾਕਟਰ ਜਗਜੀਵਨ ਲਾਲ ਕਰਨਗੇ। ਕਮੇਟੀ ਵਿੱਚ ਸ਼ਾਮਲ ਮੈਂਬਰ ਪੀੜਤ ਪਰਿਵਾਰ ਮੈਂਬਰਾਂ, ਕਿਸਾਨ ਯੂਨੀਅਨ ਦੇ ਆਗੂਆਂ, ਪੁਲਿਸ ਅਫਸਰਾਂ, ਪਿੰਡ ਦੇ ਮੋਹਤਬਰਾਂ, ਅਤੇ ਬਾਕੀ ਪਹਿਲੂਆਂ ਦੀ ਜਾਂਚ ਪੜਤਾਲ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕਰੇਗੀ। ਸਭਾ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਜਦੋਂ ਪੁਲਿਸ ਨੂੰ ਹਾਇਟੈਕ ਕਰਕੇ ਆਧੁਨਿਕ ਢੰਗ ਨਾਲ ਜਾਂਚ ਪੜਤਾਲ ਕਰਕੇ ਮੁਲਜ਼ਮ ਤੱਕ ਪਹੁੰਚਣ ਦੇ ਤਰੀਕਿਆਂ ਨੂੰ ਦਰਕਿਨਾਰ ਕਰਕੇ ਪੀੜਤ ਲੜਕੀ ਦੇ ਕਹਿਣ ਮੁਤਾਬਕ ਅਣਮਨੁੱਖੀ ਤਸ਼ੱਦਦ ਕਰਨਾ ਕਿਸੇ ਵੀ ਸਭਿਅਕ ਸਮਾਜ ਵਿਚ ਸ਼ੋਭਾ ਨਹੀਂ ਦਿੰਦਾ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਲਮਕਾ ਕੇ ਇਨਸਾਫ਼ ਦੇਣ ਵਿੱਚ ਦੇਰੀ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਰਹੀ ਹੈ।

ਇਸ ਮੌਕੇ ਸਭਾ ਦੇ ਆਗੂਆਂ ਵੱਲੋਂ ਦਸਿਆ ਗਿਆ ਕਿ 8 ਜੁਲਾਈ ਨੂੰ ਸਬਾ ਦੀ ਪੰਜਾਬ ਪੱਧਰੀ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਣ ਦਾ ਫੈਸਲਾ ਵੀ ਕੀਤਾ ਗਿਆ ਹੈ ਤਾਂ ਕਿ ਪੰਜਾਬ ਮਹਿਲਾ ਕਮਿਸ਼ਨ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬਾਨ ਦੇ ਧਿਆਣ ਵਿੱਚ ਵੀ ਇਹ ਮਾਮਲਾ ਲਿਆਂਦਾ ਜਾ ਸਕੇ। ਇਸ ਜਾਂਚ ਕਮੇਟੀ ਦੇ ਮੈਂਬਰ ਸਾਬਕਾ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਹਰਭਜਨ ਸਿੰਘ ਮਾਂਗਟ ਸਾਬਕਾ ਲੈਕਚਰਾਰ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਮੈਡਮ ਬਲਵਿੰਦਰ ਕੌਰ ਅਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਹੋਣਗੇ ਜੋ ਰਿਪੋਰਟ ਤਿਆਰ ਕਰਕੇ ਜ਼ਿਲਾ ਕਮੇਟੀ ਨੂੰ ਦੇਣਗੇ । ਸਭਾ ਦੀ ਮੀਟਿੰਗ ਵਿੱਚ ਇਸ ਘਟਨਾ ਦੀ ਪੁਰਜੋਰ ਸ਼ਬਦਾ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਪਾਸੋ ਇਸ ਘਟਨਾ ਦੀ ਜਾਂਚ ਕਰਾਉਣ , ਜੱਜ ਸਾਹਿਬਾ ਦੇ ਘਰ ਹੋਈ ਚੋਰੀ ਦੇ ਦੋਸ਼ੀਆਂ ਅਤੇ ਸ਼ਹਿਰ ਤੇ ਇਸ ਦੇ ਆਲੇ-ਦੁਆਲੇ ਵੱਧ ਰਹੀਆਂ ਚੋਰੀ ਤੇ ਲੁੱਟ ਖੋਹ ਦੀ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ।

Written By
The Punjab Wire