ਗੁਰਦਾਸਪੁਰ

ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ  `ਚ 15 ਜੁਲਾਈ ਤੱਕ ਲਾਏ ਜਾਣਗੇ ਸਿਰਜਣਾਤਮਕ ‘ਸਮਰ ਕੈਂਪ’

ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ  `ਚ 15 ਜੁਲਾਈ ਤੱਕ ਲਾਏ ਜਾਣਗੇ ਸਿਰਜਣਾਤਮਕ ‘ਸਮਰ ਕੈਂਪ’
  • PublishedJuly 4, 2023

ਸਮਰ ਕੈਂਪਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਪਾਇਆ ਜਾ ਰਿਹਾ ਭਾਰੀ ਉਤਸ਼ਾਹ

ਗੁਰਦਾਸਪੁਰ, 4 ਜੁਲਾਈ 2023 ( ਦੀ ਪੰਜਾਬ ਵਾਇਰ) । ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ 15 ਜੁਲਾਈ ਤੱਕ ਬੱਚਿਆਂ ਵਿੱਚ ਸਿਰਜਣਾਤਮਕ ਅਤੇ ਕਲਾਤਮਿਕ ਗੁਣ ਪੈਦਾ ਕਰਨ ਲਈ ‘ਸਮਰ ਕੈਂਪ’ ਲਾਏ ਜਾ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ `ਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਵੀ ਇਸ ਦੇ ਮੱਦੇਨਜ਼ਰ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਜਿਸਨੂੰ ਲੈ ਕੇ ਅਧਿਆਪਕਾਂ ਅਤੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਗੁਰਦਾਸਪੁਰ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ੍ਰੀਮਤੀ ਮਮਤਾ ਖੁਰਾਣਾ ਸੇਠੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਸਮਰ ਕੈਂਪਾਂ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਲਾਤਮਕ ਤੇ ਸਿਰਜਣਾਤਮਕ ਗਤੀਵਿਧੀਆਂ ਯਕੀਨੀ ਬਣਾਉਣ ਲਈ ਜਿੱਥੇ ਸਕੂਲਾਂ ਦੀ ਚੈਕਿੰਗ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਉੱਥੇ ਅਧਿਆਪਕਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਵਿਭਾਗ ਵੱਲੋਂ ਰਚਨਾਤਮਕ ਕਾਰਜ ਲਈ ਸਾਰੇ ਸਕੂਲਾਂ ਨੂੰ ਸਮੱਗਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਇਕ ਵਧਿਆ ਉਪਰਾਲਾ ਹੈ ਇਸ ਨਾਲ ਜਿੱਥੇ ਬੱਚਿਆਂ ਵਿੱਚ ਹੱਥੀ ਕੁਝ ਸਿੱਖਣ ਦੀ ਪ੍ਰੇਰਨਾ ਪੈਦਾ ਹੋਵੇਗੀ ਉਥੇ ਉਹਨਾਂ ਵਿੱਚ ਪੜ੍ਹਨ ਪ੍ਰਤੀ ਵੀ ਰੁਚੀ ਵਿਕਸਿਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਢਾਂਚਾਗਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਅਤੇ ਬੱਚਿਆਂ ਨੂੰ ਆਧੁਨਿਕ ਢੰਗਾਂ ਨਾਲ ਸਿੱਖਿਆ ਨਾਲ ਜੋੜ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਦੇ ਸਰਕਾਰੀ ਸਕੂਲ ਮੋਹਰੀ ਬਣ ਕੇ ਉੱਭਰਨਗੇ।


ਓਧਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਇਨ੍ਹਾਂ ਸਮਰ ਕੈਂਪਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਇਨ੍ਹਾਂ ਸਮਰ ਕੈਂਪਾਂ ਵਿੱਚ ਭਾਗ ਲੈ ਕੇ ਆਪਣੀ ਪ੍ਰੀਤਿਭਾ ਨੂੰ ਨਿਖਾਰਿਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਰਾਜ ਸਰਕਾਰ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ।     

Written By
The Punjab Wire