ਸਲੱਮ ਏਰੀਏ ਦੇ ਸਕੂਲੀ ਬੱਚੇ ਝੌਪੜੀਆਂ ਵਿਚੋਂ ਬਾਹਰ ਆ ਕੇ ਪਹਿਲੀ ਵਾਰ ਨਿਕਲੇ ਦੁਨੀਆਂ ਦੇ ਨਜ਼ਾਰੇ ਦੇਖਣ
ਵਿਰਸਾ ਦਰਸ਼ਨ ਤਹਿਤ ਬੱਚਿਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਅਮੀਰ ਵਿਰਾਸਤ ਦੇ ਦਰਸ਼ਨ ਕੀਤੇ
ਗੁਰਦਾਸਪੁਰ, 1 ਜੁਲਾਈ 2023 (ਦੀ ਪੰਜਾਬ ਵਾਇਰ ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਵਿਰਸਾ ਦਰਸ਼ਨ
ਪ੍ਰੋਗਰਾਮ ਤਹਿਤ ਨੌਜਵਾਨ ਪੀੜ੍ਹੀ ਨੂੰ ਜ਼ਿਲ੍ਹੇ ਦੀ ਵਿਰਾਸਤ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਨ੍ਹਾਂ ਜਤਨਾਂ ਤਹਿਤ ਰੋਮੇਸ ਮਹਾਜਨ ਨੈਸ਼ਨਲ ਐਵਾਰਡੀ ਵੱਲੋਂ ਚਲਾਏ ਜਾ ਰਹੇ ਸਲੱਮ ਏਰੀਏ ਮਾਨ ਕੌਰ ਸਕੂਲ ਦੇ ਬੱਚਿਆਂ ਨੂੰ ਵਿਰਸੇ ਦੇ ਦਰਸ਼ਨ
ਕਰਵਾਏ ਗਏ।
ਅੱਜ ਸਲੱਮ ਏਰੀਏ ਮਾਨ ਕੌਰ ਸਿੰਘ ਤੋਂ ਵਿਰਸਾ ਦਰਸ਼ਨ ਬੱਸ ਨੂੰ ਰੋਮੇਸ ਮਹਾਜਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪਰਮਿੰਦਰ ਸਿੰਘ, ਬਖ਼ਸੀ ਰਾਜ, ਲੋਕ ਸਭਾ ਵਿਚ ਸੰਬੋਧਨ ਕਰਨ ਵਾਲੀ ਵਿਦਿਆਰਥਣ ਯੋਗਤਾ ਸ਼ਰਮਾ ਅਤੇ ਦਮਨਜੀਤ ਸਿੰਘ ਗਾਇਡ ਛੋਟਾ ਘੱਲੂਘਾਰਾ ਸਮਾਰਕ, ਹਰਿਤਸ਼ ਮਹਾਜਨ, ਸਾਨਵੀ ਮਹਾਜਨ, ਬਾਲ ਭਲਾਈ ਕੌਸਲ ਦਾ ਸਟਾਫ ਪ੍ਰਿਤਪਾਲ ਸਿੰਘ ਅਤੇ ਸਲੱਮ ਸਕੂਲ ਮਾਨ ਕੌਰ ਸਿੰਘ ਦਾ ਸਟਾਫ ਸਮੇਤ ਆਸ਼ੂ, ਆਰਤੀ, ਮਨਜੀਤ ਕੌਰ ਵੀ ਹਾਜ਼ਰ ਸਨ।
ਵਿਰਸਾ ਦਰਸ਼ਨ ਤਹਿਤ ਇਨ੍ਹਾਂ ਸਕੂਲੀ ਬੱਚਿਆਂ ਨੂੰ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਬ, ਗੁਰਦਾਸ ਨੰਗਲ ਦੀ ਗੜ੍ਹੀ, ਸ਼ਿਵ ਮੰਦਰ ਕਲਾਨੌਰ, ਡੇਰਾ ਬਾਬਾ ਨਾਨਕ ਸਥਿਤ ਗੁਰਧਾਮਾਂ ਅਤੇ ਧਿਆਨਪੁਰ ਵਿਖੇ ਸ੍ਰੀ ਬਾਵਾ ਲਾਲ ਜੀ ਦੇ ਮੰਦਰ ਦੇ ਦਰਸ਼ਨ ਕਰਵਾਏ ਗਏ। ਸਲੱਮ ਏਰੀਏ ਦੇ ਬੱਚਿਆਂ ਲਈ ਇਹ ਪਹਿਲਾ ਮੌਕਾ ਸੀ ਕਿ ਉਨ੍ਹਾਂ ਏਵੇਂ ਟੂਰ ਕਰਕੇ ਆਪਣੇ ਜ਼ਿਲ੍ਹੇ ਦੀ ਅਮੀਰ ਵਿਰਾਸਤ ਦੇ ਦਰਸ਼ਨ ਕੀਤੇ ਹੋਣ। ਸ਼ਾਮ ਨੂੰ ਇਹ ਯਾਤਰਾ ਵਾਪਸ ਗੁਰਦਾਸਪੁਰ ਵਿਖੇ ਪਹੁੰਚ ਕੇ ਸਮਾਪਤ ਹੋਈ।
ਸ੍ਰੀ ਰੋਮੇਸ਼ ਮਹਾਜਨ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਵਿਰਸਾ ਦਰਸ਼ਨ ਦਾ ਪ੍ਰੋਗਰਾਮ ਬਹੁਤ ਸ਼ਲਾਘਾਯੋਗ ਹੈ ਅਤੇ ਇਸ ਜਰੀਏ ਬੱਚੇ ਅਤੇ ਨੌਜਵਾਨ ਆਪਣੇ ਵਿਰਸੇ ਨਾਲ ਜੁੜ ਰਹੇ ਹਨ।