ਡਿਪਟੀ ਕਮਿਸ਼ਨਰ ਨੇ 3 ਨਵੇਂ ਸੈਲਰ ਲਗਾਉਣ ਵਾਲੇ ਮਾਲਕਾਂ ਨੂੰ ਕਲਰ ਕੋਡਿੰਗ ਸਟੈਂਪ ਪੇਪਰ ਰਾਹੀਂ ਕਰਵਾਈਆਂ ਰਜਿਸਟਰੀਆਂ ਦੇ ਕਾਗਜ਼ਾਤ ਸੌਂਪੇ
ਗੁਰਦਾਸਪੁਰ, 27 ਜੂਨ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਯਤਨਾ ਤਹਿਤ ਨਵੇਂ ਉਦਯੋਗ ਲਗਾਉਣ ਲਈ ਕਲਰ ਕੋਡਿੰਗ ਸਟੈਂਪ ਪੇਪਰ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਉਦਯੋਗਪਤੀਆਂ ਨੂੰ ਉਦਯੋਗ ਲਗਾਉਣ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਜ਼ਮੀਨ ਖਰੀਦਣ ਤੋਂ ਪਹਿਲਾਂ ਸਾਰੇ ਮਹਿਕਮੇਂ ਜਿਵੇਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜ਼ਿਲ੍ਹਾ ਨਗਰ ਯੋਜਨਾਕਾਰ, ਵਣ ਵਿਭਾਗ ਆਦਿ ਤੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ ਉਪਰੰਤ ਮਾਲ ਵਿਭਾਗ ਵੱਲੋਂ ਹਰੇ ਅਸਟਾਮ ਪੇਪਰ ’ਤੇ ਰਜਿਸਟਰੀ ਕਰਵਾਈ ਜਾਂਦੀ ਹੈ।
ਇਸ ਯੋਜਨਾ ਤਹਿਤ ਸੈਲਰ ਮਾਲਕਾਂ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਤਿੰਨ ਸੈਲਰ ਲਗਾਉਣ ਲਈ ਅੱਜ ਤਹਿਸੀਲਦਾਰ ਡੇਰਾ ਬਾਬਾ ਨਾਨਕ ਕੋਲੋਂ ਗਰੀਨ ਸਟੈਂਪ ਪੇਪਰ ਉੱਪਰ ਰਜਿਸਟਰੀ ਕਰਵਾਈ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਤਹਿਸੀਲਦਾਰ ਡੇਰਾ ਬਾਬਾ ਨਾਨਕ ਸ੍ਰੀ ਜਗਤਾਰ ਸਿੰਘ ਦੀ ਹਾਜ਼ਰੀ ਵਿੱਚ ਸੈਲਰ ਲਗਾਉਣ ਵਾਲੇ ਸ੍ਰੀ ਤਰਸੇਮ ਲਾਲ ਸੈਣੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਕਲਰ ਕੋਡਿੰਗ ਰਜਿਸਟਰੀ ਦੇ ਕਾਗਜ਼ਾਤ ਸੌਂਪੇ ਗਏ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਰਾਜ ਸਰਕਾਰ ਦੀ ਕਲਰ ਕੋਡਿੰਗ ਸਟੈਂਪ ਪੇਪਰ ਦੀ ਯੋਜਨਾ ਇੰਨਵੈਸਟ ਪੰਜਾਬ, ਚੰਡੀਗੜ੍ਹ ਦੇ ਵਿੱਚ ਬਣੇ ਦਫ਼ਤਰ ਵਿੱਚ ਇੱਕ ਤਰ੍ਹਾਂ ਸਿੰਗਲ ਵਿੰਡੋ ਸਿਸਟਮ ਦੀ ਬਹੁਤ ਵਧੀਆ ਉਦਾਹਰਣ ਹੈ, ਕਿਉਂਕਿ ਸਾਰੇ ਇਤਰਾਜਹੀਣਤਾ ਸਰਟੀਫਿਕੇਟ ਸੀ.ਈ.ਓ. ਇੰਨਵੇਸਟ ਪੰਜਾਬ ਦੇ ਬਣੇ ਪੋਰਟਲ ਰਾਹੀਂ ਦਿੱਤੇ ਜਾਂਦੇ ਹਨ, ਜਿਨ੍ਹਾਂ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਹ ਸਕੀਮ ਉਦਯੋਗਪਤੀਆਂ ਲਈ ਬਹੁਤ ਲਾਹੇਬੰਦ ਹੈ, ਕਿਉਂਕਿ ਇਸ ਸਕੀਮ ਰਾਹੀਂ ਉਨ੍ਹਾਂ ਦਾ ਕਾਫੀ ਸਮਾਂ ਬਚਦਾ ਹੈ ਅਤੇ ਕਿਸੇ ਕਿਸਮ ਦੀ ਖੱਜਲ-ਖੁਆਰੀ ਵੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਤ ਕਰਨ ਦੇ ਖੇਤਰ ਵਿੱਚ ਪਿਛਲੇ ਸਾਲ ਵੀ ਜ਼ਿਲ੍ਹਾ ਗੁਰਦਾਸਪੁਰ ਪਹਿਲਾ ਸਥਾਨ ਹਾਸਲ ਕਰ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਲਰ ਕੋਡਿੰਗ ਸਟੈਂਪ ਪੇਪਰ ਸਕੀਮ ਤਹਿਤ ਪੂਰੇ ਪੰਜਾਬ ਵਿਚੋਂ ਸਭ ਤੋਂ ਜਿਆਦਾ 6 ਰਜਿਸਟਰੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨ ਸ਼ੈਲਰ ਮਾਲਕਾਂ ਨੇ ਕਲਾਨੌਰ ਵਿਖੇ ਸ਼ੈਲਰ ਸਥਾਪਿਤ ਕੀਤੇ ਹਨ ਅਤੇ ਅੱਜ ਤਿੰਨ ਸ਼ੈਲਰਾਂ ਦੀ ਜ਼ਮੀਨ ਲਈ ਰਜਿਸਟਰੀਆਂ ਸ੍ਰੀ ਜਗਤਾਰ ਸਿੰਘ, ਤਹਿਸੀਲਦਾਰ ਡੇਰਾ ਬਾਬਾ ਨਾਨਕ ਵਲੋਂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਿਵੇਸ਼ਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਅਤੇ ਇਸ ਲਈ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਤਰਸੇਮ ਲਾਲ ਸੈਣੀ, ਪ੍ਰਧਾਨ ਰਾਈਸ ਮਿਲਰਜ਼ ਐਸੋਸੀਏਸ਼ਨ, ਪੰਜਾਬ ਨੇ ਪੰਜਾਬ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਜਨਾ ਜਿਥੇ ਉਦਯੋਗਪਤੀਆਂ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਨਵੇਂ ਸ਼ੈਲਰ ਲਗਾਏ ਜਾ ਰਹੇ ਹਨ ਜਿਸ ਕਾਰਨ ਏਥੇ ਹੁੰਦੀ ਝੋਨੇ ਤੇ ਬਾਸਮਤੀ ਦੀ ਉਪਜ ਹੁਣ ਏਥੇ ਹੀ ਖਰੀਦ ਲਈ ਜਾਵੇਗੀ ਤੇ ਮਿਲਿੰਗ ਵੀ ਹੋ ਜਾਵੇਗੀ। ਉਨ੍ਹਾਂ ਕਿਹਾ ਨਵੇਂ ਸੈਲਰ ਲੱਗਣ ਤੋਂ ਬਾਅਦ ਬਾਹਰਲੇ ਜ਼ਿਲ੍ਹਿਆਂ ਨੂੰ ਆਰ.ਓ. ਨਹੀਂ ਭੇਜਣੇ ਪੈਣਗੇ, ਜਿਸ ਨਾਲ ਟਰਾਂਸਪੋਰਟੇਸ਼ਨ ਦੇ ਕਰੋੜਾਂ ਰੁਪਏ ਬਚਣਗੇ। ਉਨ੍ਹਾਂ ਕਿਹਾ ਕਿ ਸ਼ੈਲਰਾਂ ਸਮੇਤ ਹੋਰ ਉਦਯੋਗ ਲੱਗਣ ਨਾਲ ਸਥਾਨਕ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ। ਸ੍ਰੀ ਸੈਣੀ ਨੇ ਰਾਜ ਸਰਕਾਰ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਅਜਿਹੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ ਹੈ।
ਇਸ ਮੌਕੇ ਰਾਈਸ ਮਿੱਲਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਸ੍ਰੀ ਬਲਬੀਰ ਪੁੰਜ ਸਾਈ ਸੁਸਾਇਟੀ ਪਠਾਨਕੋਟ, ਸੰਜੇ ਕੁਮਾਰ, ਹਰਭਿੰਦਰ ਸਿੰਘ ਪਟਿਆਲਾ, ਚਮਨ ਲਾਲ ਗੋਇਲ, ਸੰਜੀਵ ਗਿੱਲ, ਸੰਟੀ ਗੋਇਲ ਅਤੇ ਬਨੀ ਤਪਾ ਵੀ ਹਾਜ਼ਰ ਸਨ।