15 ਰੋਜ਼ਾ ਭੰਗੜਾ ਸਿਖਲਾਈ ਕੈਂਪ ਆਪਣੀਆਂ ਮਿੱਠੀਆਂ, ਖੂਬਸੂਰਤ ਅਤੇ ਪਿਆਰ ਭਰੀਆਂ ਯਾਦਾਂ ਛੱਡਦਾ ਸਮਾਪਤ ਹੋਇਆ।
ਗੁਰਦਾਸਪੁਰ, 27 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬੀ ਸੱਭਿਆਚਾਰ ਅਤੇ ਲੋਕ ਨਾਚਾਂ ਦੀ ਪਹਿਰੇਦਾਰ ਗੁਰਦਾਸਪੁਰ ਦੀ ਪ੍ਰਸਿੱਧ ਸੰਸਥਾ ਲੋਕ ਸੱਭਿਆਚਾਰਕ ਪਿੜ ਰਜਿਸਟਰਡ ਗੁਰਦਾਸਪੁਰ ਵੱਲੋਂ ਸਵਰਗੀ ਭੰਗੜਾ ਕਲਾਕਾਰ ਹੈਪੀ ਮਾਨ ਦੀ ਯਾਦ ਵਿੱਚ ਕਈ ਦਿਨਾਂ ਤੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਿਹਾ ਸੀ ਜਿਸ ਦਾ ਸਮਾਪਤੀ ਸਮਾਰੋਹ ਪ੍ਰਸਿੱਧ ਭੰਗੜੇ ਦੇ ਕੋਚ ਜੈਕਬ ਮਸੀਹ ਤੇਜਾ ਦੀ ਰਹਿਨਮਾਈ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚੜ੍ਹਿਆ।ਇਸ 15 ਦਿਨਾਂ ਕੈਂਪ ਵਿੱਚ ਵੱਖ-ਵੱਖ ਉਮਰ ਦੇ ਲੱਗਭਗ 56 ਦੇ ਕਰੀਬ ਸਿਖਿਆਰਥੀਆਂ ਨੇ ਭੰਗੜੇ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਅੱਜ ਕੈਂਪ ਦੀ ਸਮਾਪਤ ਸਮੇਂ ਬਹੁਤ ਹੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।
ਇਸ ਸਮੇਂ ਸਿੱਖਣ ਵਾਲੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।ਜਿਨ੍ਹਾਂ ਵੱਲੋਂ ਭੰਗੜਾ ਕੋਚ ਜੈਕਬ ਮਸੀਹ ਤੇਜਾ ਦੀ ਪ੍ਰਸੰਸਾ ਕੀਤੀ ਜਾ ਰਹੀ ਸੀ।ਭੰਗੜਾ ਕੈਂਪ ਵਿੱਚ ਵਿਸੇਸ਼ ਤੌਰ ਮੁੱਖ ਮਹਿਮਨ ਸ.ਅਜੈਬ ਸਿੰਘ ਚਾਹਲ ਪਹੁੰਚੇ ਆਪਣੇ ਭਾਸ਼ਨ ਵਿਚ ਬੋਲਦੇ ਹੋਏ ਆਖਿਆ ਕਿ ਸਾਡੀ ਨੌਜਵਾਨ ਪੀਡ਼੍ਹੀ ਨੂੰ ਆਪਣੇ ਵਿਰਾਸਤੀ ਲੋਕ ਨਾਚ ਨੂੰ ਅੱਗੇ ਤੋਰਨਾ ਚਾਹੀਦਾ ਹੈ,ਅਤੇ ਨਸ਼ੇ ਦੀ ਬਿਮਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ।ਸਿਖਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਇਹ ਵੀ ਆਖਿਆ ਕਿ ਧਰਤੀ ਨੂੰ ਹਰੀ ਭਰੀ ਰੱਖਣ ਲਈ ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ,ਦਿਨੋਂ ਦਿਨ ਪਾਣੀ ਘਟਦਾ ਜਾ ਰਿਹਾ ਅਤੇ ਪਾਣੀ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ।
ਭੰਗੜਾ ਸਿਖਲਾਈ ਕੈਂਪ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਟਰੇਨਿੰਗ ਲਈ ਸੀ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਲੋਕ ਸੱਭਿਆਚਾਰਕ ਪਿੜ ਦਾ ਪਰਿਵਾਰ ਦੇ ਮੈਂਬਰ ਭੰਗੜਾ ਕੋਚ ਲੈਕਚਰਾਰ ਜਸਬੀਰ ਸਿੰਘ ਮਾਨ, ਲੈਕਚਰਾਰ ਪਰਮਜੀਤ ਸਿੰਘ, ਮਾਸਟਰ ਅਭਿਨੰਦਨ ਸਿੰਘ, ਅਤੇ ਸੀਨੀਅਰ ਭੰਗੜਾ ਤੇ ਝੂੰਮਰ ਟੀਮ ਦੇ ਮੈਂਬਰ ਮਾਸਟਰ ਕੁਲਵੰਤ ਲੇਹਲ ,ਮਾਸਟਰ ਇੰਦਰਬੀਰ ਸਿੰਘ, ਇੰਜੀਨੀਅਰ ਗੁਰਜਿੰਦਰ ਸਿੰਘ,ਲੈਕਚਰਾਰ ਗੁਰਮੀਤ ਸਿੰਘ ਬਾਜਵਾ,ਸਨਅਤਕਾਰ ਸਤਨਾਮ ਸਿੰਘ, ਮਾਸਟਰ ਕੁਲਵੰਤ ਸਿੰਘ ਗੁਰਦਾਸਪੁਰ, ਮਾਸਟਰ ਸਰਬਜੀਤ ਸਿੰਘ,ਛੋਟੀ ਉਮਰ ਪ੍ਰਸਿੱਧ ਢੋਲ ਮਾਸਟਰ ਰਾਜਾ ਨੇ ਸਿਖਿਆਰਥੀਆਂ ਨਾਲ ਆਪਣੀ ਢੋਲ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਤੋਂ ਇਲਾਵਾਂ ਸ੍ਰੀ ਮੁਨੀਸ਼ ਆਨੰਦ,ਰਵਿੰਦਰ ਸਿੰਘ,ਪਵਨ ਕੁਮਾਰ ਅਤੇ ਪ੍ਰਿੰਸੀਪਲ ਸ.ਰਾਜਿੰਦਰ ਸਿੰਘ ਸਿੱਧਵਾਂ ਵੀ ਮੌਜੂਦ ਸਨ। ਕੈਂਪ ਵਿੱਚ ਹਰ ਰੋਜ਼ ਦੀ ਤਰਾਂ ਸਮਾਪਤੀ ਮੌਕੇ ਵੀ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਆਖਿਰ ਵਿੱਚ ਪਿੜ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਸਾਰੇ ਆਏ ਸਿਖਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਦੇ ਪ੍ਰਿੰਸੀਪਲ ਸ ਹਰਜਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਹਮੇਸ਼ਾਂ ਹੀ ਭੰਗੜਾ ਸਿਖਲਾਈ ਕੈਂਪ ਲਗਾਉਣ ਵਿਚ ਵੱਧ ਚਡ਼੍ਹ ਕੇ ਸਾਥ ਦਿੱਤਾ ਹੈ। ਇਸ ਪੂਰੇ ਕੈਂਪ ਦੀ ਸਟੇਜ ਸੈਕਟਰੀ ਦੀ ਭੂਮਿਕਾ ਗੁਰਮੀਤ ਸਿੰਘ ਬਾਜਵਾ ਨੇ ਬਾਖੂਬੀ ਨਿਭਾਈ।