ਗੁਰਦਾਸਪੁਰ, 27 ਜੂਨ 2023 (ਦੀ ਪੰਜਾਬ ਵਾਇਰ )। ਬਟਾਲਾ ਦੇ ਸਨਅਤਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਟਾਲਾ ਇੰਡਸਟਰੀਜ ਰਿਵਾਈਵਲ ਅਤੇ ਡਿਵੈਲਪਮੈਂਟ (ਬੀ.ਆਈ.ਆਰ.ਡੀ) ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੇ ਚੇਅਰਮੈਨ ਐੱਸ.ਡੀ.ਐੱਮ. ਬਟਾਲਾ ਹੋਣਗੇ ਜਦਕਿ ਜਨਰਲ ਮੈਨੇਜਰ ਉਦਯੋਗ ਵਿਭਾਗ ਇਸ ਕਮੇਟੀ ਦੇ ਜਨਰਲ ਸਕੱਤਰ ਹੋਣਗੇ। ਇਸ ਤੋਂ ਇਲਾਵਾ ਡੀ.ਐੱਸ.ਪੀ. ਸਿਟੀ ਬਟਾਲਾ, ਕਮਿਸ਼ਨਰ ਨਗਰ ਨਿਗਮ ਬਟਾਲਾ ਦਾ ਨੁਮਾਇੰਦਾ, ਜ਼ਿਲ੍ਹਾ ਮੈਨੇਜਰ ਲੀਡ ਬੈਂਕ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਬਟਾਲਾ, ਐਕਸੀਅਨ ਪਾਵਰਕਾਮ ਬਟਾਲਾ, ਐਕਸੀਅਨ ਪੀ.ਐੱਸ.ਆਈ.ਈ.ਸੀ. ਬਟਾਲਾ, ਐਕਸੀਅਨ ਲੋਕ ਨਿਰਮਾਣ ਵਿਭਾਗ ਬਟਾਲਾ, ਡਿਪਟੀ ਡਾਇਰੈਕਟਰ ਫੈਕਟਰੀ ਬਟਾਲਾ, ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਜੀ.ਐੱਸ.ਟੀ.) ਗੁਰਦਾਸਪੁਰ, ਸਹਾਇਕ ਕਿਰਤ ਕਮਿਸ਼ਨਰ ਬਟਾਲਾ ਇਸ ਕਮੇਟੀ ਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਇੰਡਸਟਰੀ ਐਸੋਸੀਏਸ਼ਨ ਬਟਾਲਾ ਦੇ 5 ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹਦਾਇਤ ਕੀਤੀ ਹੈ ਕਿ ਇਹ ਕਮੇਟੀ ਹਰੇਕ 15 ਦਿਨਾਂ ਬਾਅਦ ਜਨਰਲ ਸਕੱਤਰ ਦੇ ਪੱਧਰ ’ਤੇ ਕਮੇਟੀ ਦੀ ਮੀਟਿੰਗ ਕਰੇਗੀ ਅਤੇ ਇੰਡਸਟਰੀਜ਼ ਸਬੰਧੀ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਏਗੀ। ਇਸ ਤੋਂ ਇਲਾਵਾ ਐੱਸ.ਡੀ.ਐੱਮ. ਬਟਾਲਾ ਅਤੇ ਉੱਪ ਪੁਲਿਸ ਕਪਤਾਨ ਬਟਾਲਾ ਮਹੀਨੇ ਵਿੱਚ ਇੱਕ ਵਾਰ ਗਠਿਤ ਕਮੇਟੀ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਗਠਿਤ ਕਮੇਟੀ ਦੇ ਪੱਧਰ ’ਤੇ ਮੁਸ਼ਕਿਲਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਡਿਪਟੀ ਕਮਿਸ਼ਨਰ ਅਤੇ ਸਬੰਧਤ ਐੱਸ.ਐੱਸ.ਪੀ. ਵੱਲੋਂ ਦੋ ਮਹੀਨੇ ਵਿੱਚ ਇੱਕ ਵਾਰ ਕਮੇਟੀ ਨਾਲ ਮੀਟਿੰਗ ਕਰਕੇ ਇੰਡਸਟਰੀ ਨਾਲ ਸਬੰਧਤ ਮੁਸ਼ਕਿਲਾਂ ਨੂੰ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਹਿਕਮੇ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।