Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਕਾਰਜ ਵਿੱਚ ਰੁਕਾਵਟ ਪਾਉਣ ਵਾਲੇ ਬਾਹਰੀ ਵਿਅਕਤੀਆਂ ਦਾ ਕਿਸਾਨਾਂ ਵੱਲੋਂ ਸਖਤ ਵਿਰੋਧ, ਵੇਖੋ ਵੀਡੀਓ

ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਕਾਰਜ ਵਿੱਚ ਰੁਕਾਵਟ ਪਾਉਣ ਵਾਲੇ ਬਾਹਰੀ ਵਿਅਕਤੀਆਂ ਦਾ ਕਿਸਾਨਾਂ ਵੱਲੋਂ ਸਖਤ ਵਿਰੋਧ, ਵੇਖੋ ਵੀਡੀਓ
  • PublishedJune 21, 2023

ਕਿਸਾਨਾਂ ਦਾ ਕਹਿਣਾ ਕਿ ਅਸੀਂ ਆਪਣੀ ਜ਼ਮੀਨ ਪੂਰੇ ਮੁੱਲ ਅਤੇ ਰਜ਼ਾਮੰਦੀ ਨਾਲ ਨੈਸ਼ਨਲ ਹਾਈਵੇ ਅਥਾਰਟੀ ਨੂੰ ਦਿੱਤੀ

ਨੈਸ਼ਨਲ ਹਾਈਵੇ ਅਥਾਰਟੀ ਨੇ ਕੰਮ ਵਿੱਚ ਰੁਕਾਵਟ ਪਾਉਣ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ

ਗੁਰਦਾਸਪੁਰ, 21 ਜੂਨ 2023 (ਦੀ ਪੰਜਾਬ ਵਾਇਰ )। ਕਿਸਾਨਾਂ ਅਤੇ ਪੰਚਾਇਤਾਂ ਦੀ ਸਹਿਮਤੀ ਤੋਂ ਬਾਅਦ ਜਦੋਂ ਅੱਜ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦਾ ਨਿਰਮਾਣ ਕਰਨ ਲਈ ਪਿੰਡ ਭਾਮੜੀ, ਕਿਸ਼ਨਕੋਟ ਤੇ ਮਚਰਾਵਾਂ ਪਹੁੰਚੇ ਤਾਂ ਕੁਝ ਬਾਹਰੀ ਵਿਅਕਤੀਆਂ ਵੱਲੋਂ ਪ੍ਰਸ਼ਾਸਨ ਦੇ ਕੰਮ ਵਿੱਚ ਜਾਣ-ਬੁੱਝ ਕੇ ਰੁਕਾਵਟ ਪਾਈ ਗਈ। ਹਾਲਾਂਕਿ ਉਪਰੋਕਤ ਪਿੰਡਾਂ ਦੇ ਕਿਸਾਨ ਜਿਨ੍ਹਾਂ ਦੀ ਜ਼ਮੀਨਾਂ ਐਕਸਪ੍ਰੈਸ ਵੇਅ ਲਈ ਐਕਵਾਇਰ ਹੋਈਆਂ ਹਨ, ਨੇ ਖ਼ੁਦ ਅੱਗੇ ਹੋ ਅਧਿਕਾਰੀਆਂ ਨੂੰ ਸੜਕ ਦਾ ਨਿਰਮਾਣ ਸ਼ੁਰੂ ਕਰਨ ਲਈ ਕਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਕਵਾਇਰ ਜ਼ਮੀਨ ਦਾ ਮੁਆਵਜਾ ਮਿਲ ਚੁੱਕਾ ਹੈ ਅਤੇ ਉਹ ਖੁਦ ਚਾਹੁੰਦੇ ਹਨ ਕਿ ਨੈਸ਼ਨਲ ਹਾਈਵੇ ਅਥਾਰਟੀ ਜਦਲ ਤੋਂ ਜਲਦ ਏਥੇ ਆਪਣਾ ਕੰਮ ਸ਼ੁਰੂ ਕਰੇ। ਐਕਸਪ੍ਰੈਸ ਵੇਅ ਦਾ ਵਿਰੋਧ ਕਰਨ ਪਹੁੰਚੇ ਬਾਹਰੀ ਵਿਅਕਤੀਆਂ ਦਾ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ।

ਜ਼ਮੀਨ ਦੇ ਚੁੱਕੇ ਕਿਸਾਨ ਜਦੋਂ ਅਧਿਕਾਰੀ ਦੇ ਨਾਲ ਹੋ ਕੇ ਆਪਣੀਆਂ ਜ਼ਮੀਨਾਂ ਦੇ ਕਬਜ਼ੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਦੇ ਰਹੇ ਸਨ ਤਾਂ ਕੁਝ ਵਿਅਕਤੀਆਂ ਅਤੇ ਯੂਨੀਅਨ ਮੈਂਬਰਾਂ ਨੇ ਜੋ ਕਿ ਇਨ੍ਹਾਂ ਪਿੰਡਾਂ ਦੇ ਵਸਨੀਕ ਵੀ ਨਹੀਂ ਸਨ ਵੱਲੋਂ ਕੰਮ ਵਿੱਚ ਰੁਕਾਵਟ ਪਾਈ ਗਈ। ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਇਨ੍ਹਾਂ ਵਿਅਕਤੀਆਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਸਰਕਾਰ ਦੇ ਕੰਮ ਵਿੱਚ ਰੁਕਾਵਟ ਨਾ ਪਾਉਣ। ਕਿਸਾਨਾਂ ਵੱਲੋਂ ਇਹ ਗੱਲ ਉੱਪਰ ਵੀ ਗਿਲਾ ਕੀਤਾ ਗਿਆ ਕਿ ਇਨ੍ਹਾਂ ਬਾਹਰੀ ਵਿਅਕਤੀਆਂ ਦਾ ਸਾਡੇ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੈ ਪਰ ਪਤਾ ਨਹੀਂ ਕਿਉਂ ਇਹ ਵਿਕਾਸ ਦੇ ਕੰਮ ਵਿੱਚ ਰੋੜੇ ਅਟਕਾ ਰਹੇ ਹਨ। ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਨਾਲ ਪੂਰੀ ਤਰਾਂ ਸਹਿਮਤ ਹਨ ਅਤੇ ਉਨ੍ਹਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਮੀਨ ਦੇਣ ਦੇ ਮਤੇ ਵੀ ਪਾਏ ਹੋਏ ਹਨ, ਇਸ ਲਈ ਜ਼ਮੀਨਾਂ ਦੇ ਕਬਜ਼ੇ ਲੈ ਕੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦਾ ਨਿਰਮਾਣ ਜਲਦੀ ਸ਼ੁਰੂ ਕੀਤਾ ਜਾਵੇ।

ਓਧਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਕਰਕੇ ਚੱਲਦੇ ਕੰਮ ਵਿੱਚ ਰੁਕਾਵਟ ਪਾਉਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਨਿਰਧਾਰਤ ਮੁੱਲ ਦੇ ਦਿੱਤਾ ਗਿਆ ਹੈ ਅਤੇ ਕਿਸਾਨ ਆਪਣੀ ਜ਼ਮੀਨ ਦੇਣ ਲਈ ਪੂਰੀ ਤਰਾਂ ਰਾਜ਼ੀ ਹਨ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੇ ਮਾਲਕ ਕਿਸਾਨ ਬਿਲਕੁਲ ਵਿਰੋਧ ਨਹੀਂ ਕਰ ਰਹੇ ਸਗੋਂ ਉਹ ਆਪ ਨਾਲ ਹੋ ਕੇ ਕੰਮ ਸ਼ੁਰੂ ਕਰਵਾ ਰਹੇ ਹਨ। ਪਰ ਪਤਾ ਨਹੀਂ ਵਿਰੋਧ ਕਰਨ ਵਾਲੇ ਵਿਅਕਤੀ ਕਿਧਰੋਂ ਆਉਂਦੇ ਹਨ ਜਿਨ੍ਹਾਂ ਦਾ ਇਨ੍ਹਾਂ ਜ਼ਮੀਨਾਂ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੈ। ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਵਿਰੋਧ ਕਰਨ ਵਾਲੇ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੂਬਾ ਪੰਜਾਬ ਤੇ ਜ਼ਿਲ੍ਹਾ ਗੁਰਦਾਸਪੁਰ ਲਈ ਵਿਕਾਸ ਦੇ ਨਵੇਂ ਅਯਾਮ ਖੋਲ੍ਹਣ ਵਾਲੇ ਇਸ ਪ੍ਰੋਜੈਕਟ ਦਾ ਵਿਰੋਧ ਨਾ ਕਰਨ।

Written By
The Punjab Wire