ਗੁਰਦਾਸਪੁਰ ਪੰਜਾਬ

ਜਦੋਂ ਫਲੱਡ ਕੰਟਰੋਲ ਰੂਮ ਤੋਂ ਆਈ ਐਮਰਜੈਂਸੀ ਕਾਲ ਨੇ ਅਧਿਕਾਰੀਆਂ ਨੂੰ ਭਾਜੜ ਪਾਈ

ਜਦੋਂ ਫਲੱਡ ਕੰਟਰੋਲ ਰੂਮ ਤੋਂ ਆਈ ਐਮਰਜੈਂਸੀ ਕਾਲ ਨੇ ਅਧਿਕਾਰੀਆਂ ਨੂੰ ਭਾਜੜ ਪਾਈ
  • PublishedJune 20, 2023

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਅਧਿਕਾਰੀਆਂ ਨੇ ਹੜ੍ਹ ਰੋਕੂ ਪ੍ਰਬੰਧਾਂ ਦੀ ਕੀਤੀ ਮੌਕ ਡਰਿੱਲ

ਮੌਕ ਡਰਿੱਲ ਦੌਰਾਨ ਅਧਿਕਾਰੀਆਂ ਨੇ ਪਿੰਡ ਫੱਤੂ ਬਰਕਤ ਨੂੰਨ ਵਿਖੇ ਦਰਿਆ ਬਿਆਸ ਦੇ ਧੁੱਸੀ ਬੰਨ ਦਾ ਜਾਇਜਾ ਲਿਆ

ਗੁਰਦਾਸਪੁਰ, 20 ਜੂਨ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਾਮੀ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਗਏ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਅੱਜ ਸਵੇਰੇ ਅਚਨਚੇਤ ਮੌਕ ਡਰਿੱਲ ਕੀਤੀ ਗਈ। ਅੱਜ ਸਵੇਰੇ ਠੀਕ 7:30 ਵਜੇ ਜ਼ਿਲ੍ਹਾ ਫਲੱਡ ਕੰਟਰੋਲ ਰੂਮ ਤੋਂ ਫਲੱਡ ਕੰਟਰੋਲ ਟੀਮ ਦੇ ਸਾਰੇ ਅਧਿਕਾਰੀਆਂ ਨੂੰ ਟੈਲੀਫੋਨ ਰਾਹੀਂ ਮੈਸੇਜ ਲਗਾਇਆ ਗਿਆ ਕਿ ਉਹ ਕਾਹਨੂੰਵਾਨ ਤੋਂ ਅੱਗੇ ਪਿੰਡ ਫੱਤੂ ਬਰਕਤ ਨੂੰਨ ਵਿਖੇ ਦਰਿਆ ਬਿਆਸ ਦੇ ਧੁੱਸੀ ਬੰਨ ਉੱਪਰ ਤੁਰੰਤ ਪਹੁੰਚਣ। ਜਿਉਂ ਹੀ ਕੰਟਰੋਲ ਰੂਮ ਤੋਂ ਅਧਿਕਾਰੀਆਂ ਨੂੰ ਐਮਰਜੈਂਸੀ ਕਾਲ ਆਈ ਤਾਂ ਸਾਰੇ ਅਧਿਕਾਰੀਆਂ ਨੂੰ ਭਾਜੜ ਪੈ ਗਈ ਅਤੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਉਸ ਇਲਾਕੇ ਦੇ ਸਥਾਨਕ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ।

ਕੰਟਰੋਲ ਰੂਮ ਤੋਂ ਮੈਸੇਜ ਮਿਲਦੇ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਸਹਾਇਕ ਕਮਿਸ਼ਨਰ ਸ੍ਰੀ ਸਚਿਨ ਪਾਠਕ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਗੁਰਮੀਤ ਸਿੰਘ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਐੱਸ.ਪੀ. ਨਵਜੋਤ ਸਿੰਘ, ਤਹਿਸੀਲਦਾਰ ਸ. ਨਵਜੋਤ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸ਼ਾਮ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਅਮਰਜੀਤ ਸਿੰਘ ਭਾਟੀਆ, ਤਹਿਸੀਲਦਾਰ ਸ੍ਰੀ ਜਗਤਾਰ ਸਿੰਘ, ਨਾਇਬ ਤਹਿਸੀਲਦਾਰ ਸ. ਸੁਖਵਿੰਦਰ ਸਿੰਘ, ਡੀ.ਐੱਸ.ਪੀ. ਸ. ਰਾਜਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਪਿੰਡ ਫੱਤੂ ਬਰਕਤ ਨੂੰਨ ਵਿਖੇ ਧੁੱਸੀ ਬੰਨ ਦਾ ਜਾਇਜਾ ਲਿਆ ਗਿਆ ਅਤੇ ਨਾਲ ਹੀ ਦਰਿਆ ਬਿਆਸ ਦੇ ਕੰਡੇ ਬਣੇ ਸਪੱਰਾਂ ਦਾ ਮੁਆਇਨਾ ਵੀ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੀ ਇਹ ਮੌਕ ਡਰਿੱਲ ਫਲੱਡ ਕੰਟਰੋਲ ਟੀਮ ਦੇ ਅਧਿਕਾਰੀਆਂ ਦਾ ਰਿਸਪਾਂਸ ਸਮਾਂ ਚੈੱਕ ਕਰਨ ਲਈ ਕੀਤੀ ਗਈ ਸੀ, ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਸੇ ਵੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਿਨੇ ਸਮੇਂ ਅੰਦਰ ਅਧਿਕਾਰੀ ਅਤੇ ਉਨ੍ਹਾਂ ਦੀ ਟੀਮਾਂ ਘਟਨਾ ਸਥਾਨ ’ਤੇ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਧਿਕਾਰੀ ਸਮੇਂ ਸਿਰ ਪਹੁੰਚ ਗਏ ਸਨ, ਕੁਝ ਲੇਟ ਆਏ ਹਨ ਅਤੇ ਕੁਝ ਦੀ ਗੈਰ-ਹਾਜ਼ਰੀ ਵੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਹਜ਼ਾਰ ਅਤੇ ਲੇਟ ਆਉਣ ਵਾਲੇ ਅਧਿਕਾਰੀਆਂ ਦੀ ਜੁਆਬ-ਤਲਬੀ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਗਲੀ ਵਾਰ ਉਹ ਸਮੇਂ ਸਿਰ ਮੌਕੇ ਉੱਪਰ ਪਹੁੰਚਣ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅੱਜ ਦੀ ਮੌਕ ਡਰਿੱਲ ਦੌਰਾਨ ਜ਼ਿਲ੍ਹਾ ਕੰਟਰੋਲ ਰੂਮ ਅਤੇ ਹੋਰ ਪ੍ਰਬੰਧ ਠੀਕ ਪਾਏ ਗਏ ਹਨ। ਇਸ ਤੋਂ ਇਲਾਵਾ ਜੋ ਘਾਟਾਂ ਦਿਖਾਈ ਦਿੱਤੀਆਂ ਹਨ ਉਹ ਨੋਟ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਠੀਕ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਗਾਮੀ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

Written By
The Punjab Wire