ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਦਿੱਲੀ-ਕਟੜਾ ਐਕਸਪ੍ਰੈਸ ਵੇਅ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਗੋਤਿਆਲ ਵੱਲੋਂ ਹਰਚੋਵਾਲ ਵਿਖੇ ਕਿਸਾਨਾਂ ਨਾਲ ਮੁਲਾਕਾਤ

ਦਿੱਲੀ-ਕਟੜਾ ਐਕਸਪ੍ਰੈਸ ਵੇਅ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਗੋਤਿਆਲ ਵੱਲੋਂ ਹਰਚੋਵਾਲ ਵਿਖੇ ਕਿਸਾਨਾਂ ਨਾਲ ਮੁਲਾਕਾਤ
  • PublishedJune 16, 2023

ਕਿਸਾਨਾਂ ਵੱਲੋਂ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦਾ ਨਿਰਮਾਣ ਜਲਦ ਸ਼ੁਰੂ ਕਰਨ ਦੀ ਮੰਗ

ਗੁਰਦਾਸਪੁਰ, 16 ਜੂਨ 2023 (ਦੀ ਪੰਜਾਬ ਵਾਇਰ) । ਜ਼ਿਲ੍ਹਾ ਗੁਰਦਾਸਪੁਰ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਣ ਵਾਲੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਕਾਰਜ ਨੂੰ ਕਿਸਾਨਾਂ ਵੱਲੋਂ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਇਹ ਮੰਗ ਕਿਸਾਨਾਂ ਨੇ ਅੱਜ ਪਿੰਡ ਹਰਚੋਵਾਲ ਵਿਖੇ ਪਹੁੰਚੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਗੋਤਿਆਲ ਅੱਗੇ ਰੱਖੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਕਾੱਰੀ ਪ੍ਰੋਜੈਕਟ ਲਈ ਆਪਣੀ ਜ਼ਮੀਨ ਨੈਸ਼ਨਲ ਹਾਈਵੇ ਅਥਾਰਟੀ ਨੂੰ ਦੇ ਦਿੱਤੀ ਹੈ ਅਤੇ ਉਸਦਾ ਮੁਆਵਜ਼ਾ ਵੀ ਉਨ੍ਹਾਂ ਨੂੰ ਮਿਲ ਚੁੱਕਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਕਸਪ੍ਰੈਸ ਵੇਅ ਬਣਨ ਵਿੱਚ ਕੋਈ ਇਤਰਾਜ਼ ਨਹੀਂ ਹੈ, ਸਗੋਂ ਉਹ ਤਾਂ ਚਾਹੁੰਦੇ ਹਨ ਕਿ ਇਹ ਐਕਸਪ੍ਰੈੱਸ ਵੇਅ ਜਲਦ ਬਣ ਕੇ ਤਿਆਰ ਹੋਵੇ।

ਪਿੰਡ ਹਰਚੋਵਾਲ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀ ਐਕਵਾਇਰ ਜ਼ਮੀਨ ਦਾ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਇਹ ਕੀਮਤ ਜ਼ਮੀਨ ਦੇ ਬਜ਼ਾਰੀ ਰੇਟ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਐਕਸਪ੍ਰੈੱਸ ਵੇਅ ਦੇ ਨਿਰਮਾਣ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਪੰਚਾਇਤਾਂ ਵੱਲੋਂ ਵੀ ਦਿੱਲੀ-ਕਟੜਾ ਐਕਸਪ੍ਰੈੱਸ ਦੇ ਹੱਕ ਵਿੱਚ ਮਤੇ ਪਾਏ ਗਏ ਹਨ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਧੰਨਵਾਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨ ਯੂਨੀਅਨਾਂ ਨਾਲ ਵੀ ਮੀਟਿੰਗਾਂ ਕਰਕੇ ਉਨ੍ਹਾਂ ਦੇ ਤੌਖਲੇ ਦੂਰ ਕੀਤੇ ਜਾ ਰਹੇ ਹਨ ਅਤੇ ਐਕਸਪ੍ਰੈੱਸ ਵੇਅ ਸਬੰਧੀ ਆਮ ਸਹਿਮਤੀ ਬਣਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦਾ ਜ਼ਿਲ੍ਹਾ ਗੁਰਦਾਸਪੁਰ ਵਿਚੋਂ ਲੰਘਣਾ ਜ਼ਿਲ੍ਹੇ ਲਈ ਬਹੁਤ ਫ਼ਾਇਦੇਮੰਦ ਹੈ ਅਤੇ ਇਹ ਪ੍ਰੋਜੈਕਟ ਜ਼ਿਲ੍ਹੇ ਦੀ ਤਰੱਕੀ ਅਤੇ ਵਿਕਾਸ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਕਿਸਾਨ ਖੁਦ ਵੀ ਅੱਗੇ ਆ ਰਹੇ ਹਨ ਅਤੇ ਜੇਕਰ ਫਿਰ ਵੀ ਕਿਸੇ ਕਿਸਾਨ ਦੇ ਕੋਈ ਤੌਖਲੇ ਹੋਣ ਤਾਂ ਉਨ੍ਹਾਂ ਨਾਲ ਗੱਲ-ਬਾਤ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜ਼ਮੀਨ ਦੇ ਮੁਆਵਜੇ ਨੂੰ ਲੈ ਕੇ ਕਿਸੇ ਵੀ ਅੜਚਨ ਸਬੰਧੀ ਉਨ੍ਹਾਂ ਨਾਲ ਸਿੱਧੇ ਤੌਰ `ਤੇ ਰਾਬਤਾ ਕਰ ਸਕਦੇ ਹਨ।

Written By
The Punjab Wire