ਨੇਚਰ ਟਰਾਇਲ, ਪੈਡਲ ਬੋਟਿੰਗ ਅਤੇ ਜਾਣਕਾਰੀ ਪ੍ਰਦਾਨ ਕਰਨ ਵਾਲੇ ਬੋਰਡ ਹੋਣਗੇ ਖਿੱਚ ਦਾ ਕੇਂਦਰ
ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੌਰਾ ਕਰ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਗੁਰਦਾਸਪੁਰ, 15 ਜੂਨ 2023 (ਦੀ ਪੰਜਾਬ ਵਾਇਰ)। ਦੇਸ਼ ਦਾ ਸੱਭ ਤੋਂ ਪਹਿਲ੍ਹਾਂ ਕਮਿਓਨਿਟੀ ਰਿਜ਼ਰਵ ਕੇਸ਼ੋਪੁਰ-ਮਿਆਣੀ ਕਮਿਊਨਿਟੀ ਰਿਜ਼ਰਵ ਜੋ ਹੁਣ (ਰਾਮਸਰ ਸਾਈਟ) ਵਿੱਚ ਸ਼ੁਮਾਰ ਹੈ ਨੂੰ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਦੇ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਨਵੰਬਰ 2023 ਤੋਂ ਪਹਿਲ੍ਹਾਂ ਕੇਸ਼ੋਪੁਰ ਛੰਬ ਦੀ ਨੁਹਾਰ ਬਦਲਨ ਲਈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵਲੋਂ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ। ਜਿਸ ਦੇ ਚਲਦੀਆਂ ਆਉਣ ਨਵੰਬਰ 2023 ਤੋਂ ਪਹਿਲ੍ਹਾਂ ਇੱਥੇ ਨੇਚਰ ਟਰਾਇਲ, ਪੈਡਲ ਬੋਟਿੰਗ ਅਤੇ ਹੋਰ ਜਾਣਕਾਰੀ ਪ੍ਰਦਾਨ ਬੋਰਡ ਲਗਾਏ ਜਾਣਗੇਂ। ਡਿਪਟੀ ਕਮਿਸ਼ਨਰ ਅਗਰਵਾਲ ਵੱਲੋਂ ਬੀਤੇ ਦਿੰਨੀ ਕੇਸ਼ੋਪੁਰ ਛੰਬ ਦਾ ਦੌਰਾ ਕੀਤਾ ਗਿਆ ਅਤੇ ਮੀਟਿੰਗ ਕਰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ।
ਦੱਸਣਯੋਗ ਹੈ ਕਿ ਕੇਸ਼ੋਪੁਰ ਛੰਬ ਗੁਰਦਾਸਪੁਰ ਸ਼ਹਿਰ ਤੋਂ 5 ਕਿਲੋਮੀਟਰ ਦੂਰ ਬਹਿਰਾਮਪੁਰ ਸੜਕ ’ਤੇ ਪੈਂਦੀ ਹੈ। ਕੇਸ਼ੋਪੁਰ, ਮਿਆਣੀ, ਡੱਲਾ, ਮੱਟਮ ਤੇ ਮਗਰ ਮੂੰਧੀਆਂ ਨਾਂਅ ਦੇ ਪਿੰਡਾਂ ਤੱਕ 850 ਏਕੜ ਰਕਬੇ ਤੱਕ ਇਹ ਛੰਬ ਫੈਲੀ ਹੋਈ ਹੈ। ਇੱਥੇ ਛੋਟੇ ਤੇ ਵੱਡੇ ਤਲਾਬ ਹਨ, ਜਿਨ੍ਹਾਂ ’ਚ ਬਹੁਤਾ ਪਾਣੀ ਨਹੀਂ ਹੁੰਦਾ।
ਕੇਸ਼ੋਪੁਰ ਛੰਬ ਦਾ ਪੂਰਾ ਨਾਂਅ ਮਾਰਚ 2013 ’ਚ ‘ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ’ ਰੱਖਿਆ ਗਿਆ ਸੀ ਅਤੇ ਇਹ ਹੁਣ ਰਾਮਸਰ ਸਾਈਟ ਵਿੱਚ ਸ਼ੁਮਾਰ ਹੈ। ਵਣਜੀਵਨ ਵਿਭਾਗ ਨੇ ਇਸ ਨੂੰ ਪੰਛੀਆਂ ਦੀ ਰੱਖ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਸੀ। ਪ੍ਰਵਾਸੀ ਪੰਛੀ ਹਰ ਸਾਲ ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੱਧਪੂਰਬੀ ਦੇਸ਼ਾਂ, ਸਾਈਬੇਰੀਆ ਦੇ ਬਰਫ਼ਾਨੀ ਮੈਦਾਨਾਂ, ਅਫ਼ਗ਼ਾਨਿਸਤਾਨ, ਤਿੱਬਤ, ਚੀਨ ਤੇ ਰੂਸ ਜਿਹੇ ਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਕੇਸ਼ੋਪੁਰ ਛੰਬ ਪਹੁੰਚਦੇ ਹਨ। ਇਹ ਪ੍ਰਵਾਸੀ ਪੰਛੀ ਮਾਰਚ ਮਹੀਨੇ ਦੇ ਅੱਧ ਤੱਕ ਇਥੇ ਹੀ ਰਹਿੰਦੇ ਹਨ ਅਤੇ ਗਰਮੀ ਵੱਧਣ ਦੇ ਨਾਲ ਹੀ ਆਪੋ-ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਹਨ। ਇੱਥੇ ਕਰੀਬ 60 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਆਉਂਦੇ ਹਨ ਜਿਨ੍ਹਾਂ ਵਿੱਚ ਸਾਰਸ, ਹੰਸ, ਮੁਰਗ਼ਾਬੀਆਂ ਤੇ ਹੋਰ ਬਹੁਤ ਸਾਰੇ ਵਿਦੇਸ਼ੀ ਪੰਛੀ ਪਾਏ ਜਾਂਦੇ ਹਨ। ਕਈ ਵਾਰ ਇੱਥੇ ਚੀਨ ਦੇ ਖ਼ੁਦਮੁਖ਼ਤਿਆਰ ਖੇਤਰ ਤਿੱਬਤ ਦੇ ਕੈਲਾਸ਼ ਪਰਬਤ ਲਾਗੇ ਗਲੇਸ਼ੀਅਰਾਂ ਦੇ ਤਾਜ਼ਾ ਪਾਣੀ ਤੋਂ ਬਣੀ ਮਾਨਸਰੋਵਰ ਝੀਲ ਤੋਂ ਵੀ ਆਏ ਕੁਝ ਪੰਛੀ ਵੇਖੇ ਗਏ ਹਨ। ਮਾਨਸਰੋਵਰ ਝੀਲ ਦੁਨੀਆ ਦੀ ਸਭ ਤੋਂ ਉੱਚੀ ਤਾਜ਼ੇ ਪਾਣੀ ਦੀ ਝੀਲ ਹੈ।
ਹਰ ਸਾਲ ਸਰਦੀ ਦੇ ਮੌਸਮ ਵਿਚ ਔਸਤਨ 25 ਤੋਂ 30 ਹਜ਼ਾਰ ਪ੍ਰਵਾਸੀ ਪੰਛੀ ਇਥੇ ਆਉਂਦੇ ਹਨ। ‘ਵਰਲਡ ਵਾਈਡ ਫ਼ੰਡ’ ਦੀ ਭਾਰਤੀ ਇਕਾਈ ਵੱਲੋਂ ਹਰ ਸਾਲ ਜਨਵਰੀ ਦੇ ਮਹੀਨੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਇਹ ਰਿਕਾਰਡ ਰੱਖਿਆ ਜਾਂਦਾ ਹੈ ਕਿ ਕਿਹੜੀ-ਕਿਹੜੀ ਪ੍ਰਜਾਤੀ ਦੇ ਕਿੰਨੇ ਪ੍ਰਵਾਸੀ ਪੰਛੀਆਂ ਨੇ ਇਥੇ ਪ੍ਰਵਾਸ ਕੀਤਾ ਹੈ।
ਕੇਸ਼ੋਪੁਰ ਛੰਬ ਪ੍ਰਵਾਸੀ ਪੰਛੀਆਂ ਲਈ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ। ਇਹੀ ਕਾਰਨ ਹੈ ਕਿ ਸਾਈਬੇਰੀਆ ਦੇ ਬਰਫਾਨੀ ਇਲਾਕੇ ਦੇ ਪੰਛੀ ਸਾਰਸ ਕਰੇਨ ਇਥੇ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ।
ਕੇਸ਼ੋਪੁਰ ਛੰਬ ਵਿਖੇ ਸੈਲਾਨੀਆਂ ਅਤੇ ਪੰਛੀ ਪ੍ਰੇਮੀਆਂ ਦੀ ਸਹੂਲਤ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬਹੁਤ ਖੂਬਸੂਰਤ ਵਿਆਖਿਆ ਕੇਂਦਰ ਬਣਾਇਆ ਗਿਆ ਹੈ, ਜਿਥੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੇਸ਼ੋਪੁਰ ਛੰਬ ਅਤੇ ਇਥੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਜਾਂਦੀ ਹੈ। ਕੇਸ਼ੋਪੁਰ ਛੰਬ ਵਿੱਚ ਸੂਬਾ ਸਰਕਾਰ ਵੱਲੋਂ ਉੱਚੇ ਟਾਵਰ ਵੀ ਬਣਾਏ ਗਏ ਹਨ ਅਤੇ ਦੂਰਬੀਨ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਪੰਛੀ ਪ੍ਰੇਮੀ ਪੰਛੀਆਂ ਨੂੰ ਨੇੜੇ ਤੋਂ ਨੀਝ ਨਾਲ ਦੇਖ ਸਕਣ।
ਕੇਸ਼ੋਪੁਰ ਛੰਬ ਪੰਛੀ ਪ੍ਰੇਮਿਆ, ਵਾਇਡ ਲਾਈਫ ਫੋਟੋਗ੍ਰਾਫੀ ਕਰਨ ਵਾਲੀਆਂ ਲਈ ਵੀ ਸਰਵਗ ਤੋਂ ਘੱਟ ਨਹੀਂ ਹੈ। ਇਸ ਸਾਈਟ ਨੂੰ ਪ੍ਰਮੋਟ ਕਰਨ ਵਿੱਚ ਗੁਰਦਾਸਪੁਰ ਦੇ ਉਦਯੋਗਪਤੀ ਹਰਜਿੰਦਰ ਸਿੰਘ ਧੰਜ਼ਲ ਅਤੇ ਸਰਵੇਅਰ ਰਾਜੇਸ਼ ਸੋਨੀ ਵੱਲੋਂ ਬਕਾਈਦਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਖੁੱਦ ਪੰਛਿਆ ਦੀਆਂ ਫੋਟੋਗ੍ਰਾਫੀ ਕੀਤੀ ਜਾਂਦੀ ਹੈ ਅਤੇ ਇਸ ਸਬੰਧੀ ਸੋਸ਼ਲ ਮੀਡੀਆ ਦੇ ਜਰੀਏ ਦੇਸ਼ ਵਿਦੇਸ਼ ਬੈਠੇ ਪੰਛੀ ਪ੍ਰੇਮੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।