ਗੁਰਦਾਸਪੁਰ

ਹਰ ਵਿਭਾਗ ਆਦਲਤਾਂ ਵਿੱਚ ਚੱਲ ਰਹੇ ਆਪਣੇ ਕੇਸਾਂ ਦੀ ਸਹੀ ਢੰਗ ਨਾਲ ਪੈਰਵੀ ਕਰਨ – ਏ.ਡੀ.ਸੀ. ਸੁਭਾਸ਼ ਚੰਦਰ

ਹਰ ਵਿਭਾਗ ਆਦਲਤਾਂ ਵਿੱਚ ਚੱਲ ਰਹੇ ਆਪਣੇ ਕੇਸਾਂ ਦੀ ਸਹੀ ਢੰਗ ਨਾਲ ਪੈਰਵੀ ਕਰਨ – ਏ.ਡੀ.ਸੀ. ਸੁਭਾਸ਼ ਚੰਦਰ
  • PublishedJune 14, 2023

ਗੁਰਦਾਸਪੁਰ, 14 ਜੂਨ 2023 (ਦੀ ਪੰਜਾਬ ਵਾਇਰ ) । ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਵਿਭਾਗ ਨਾਲ ਸਬੰਧਤ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੀ ਸਹੀ ਢੰਗ ਨਾਲ ਪੈਰਵੀ ਕਰਦੇ ਹੋਏ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਤਾਂ ਜੋ ਕੇਸ ਕਿਸੇ ਠੋਸ ਨਤੀਜੇ ’ਤੇ ਪਹੁੰਚ ਸਕਣ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ‘ਪੰਜਾਬ ਡਿਸਪਿਊਟ ਰੈਜੁਲੇਸ਼ਨ ਐਂਡ ਲਿਟੀਗੇਸ਼ਨ ਪਾਲਿਸੀ-2020 ਸਬੰਧੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਵਿਭਾਗ ਵੱਲੋਂ ਆਪਣੇ ਚੱਲ ਰਹੇ ਕੇਸਾਂ ਦੀ ਪੈਰਵੀ ਕਰਨ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਜਾਣ ਜੋ ਅਦਾਲਤੀ ਪ੍ਰੀਕ੍ਰਿਆ ਵਿੱਚ ਭਾਗ ਲੈਂਦੇ ਹੋਏ ਅਦਾਲਤ ਵੱਲੋਂ ਮੰਗੇ ਹਰ ਤਰਾਂ ਦੇ ਜੁਆਬ-ਦਾਅਵੇ ਸਮੇਂ ਸਿਰ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਹਰ ਕੇਸ ਦੀ ਪੂਰੀ ਪੈਰਵੀ ਕੀਤੀ ਜਾਵੇ ਅਤੇ ਕਿਸੇ ਵੀ ਕੇਸ ਵਿੱਚ ਐਕਸ ਪਾਰਟੀ ਬਣਨ ਦੀ ਨੌਬਤ ਨਾ ਆਉਣ ਦਿੱਤੀ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਜੇਕਰ ਵਿਭਾਗ ਆਪਣੇ ਕੇਸਾਂ ਦੀ ਸਹੀ ਪੈਰਵੀ ਕਰਦੇ ਹਨ ਤਾਂ ਇਸ ਨਾਲ ਜਿਥੇ ਸਰਕਾਰ ਦਾ ਬਿਨ੍ਹਾਂ ਵਜ੍ਹਾ ਨੁਕਾਸਨ ਹੋਣੋ ਬਚ ਜਾਂਦਾ ਹੈ ਓਥੇ ਅਦਾਲਤੀ ਸਮੇਂ ਦੀ ਵੀ ਬਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਭਾਗ ਦੇ ਅਧਿਕਾਰੀਆਂ ਨੇ ਅਦਾਲਤੀ ਕੇਸਾਂ ਦੀ ਪੈਰਵੀ ਕਰਨ ਵਿੱਚ ਕੋਈ ਢਿੱਲ-ਮੱਠ ਦਿਖਾਈ ਜਾਂ ਆਪਣਾ ਪੱਖ ਸਹੀ ਢੰਗ ਨਾਲ ਨਾ ਰੱਖਿਆ ਤਾਂ ਅਦਾਲਤੀ ਫੈਸਲਾ ਉੱਲਟ ਆਉਣ ’ਤੇ ਸਬੰਧਤ ਅਧਿਕਾਰੀ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਕੇਸਾਂ ਨੂੰ ਸਾਰੇ ਵਿਭਾਗ ਗੰਭੀਰਤਾ ਨਾਲ ਲੈਣ ਅਤੇ ਇਸ ਸਬੰਧੀ ਜੋ ਵੀ ਦਾਅਵੇ ਅਤੇ ਇਤਰਾਜ ਪੇਸ਼ ਕਰਨ ਵਾਲੇ ਹਨ ਉਹ ਸਮੇਂ ਸਿਰ ਅਦਾਲਤਾਂ ਵਿੱਚ ਜਮ੍ਹਾਂ ਕਰਵਾਉਣ।

ਮੀਟਿੰਗ ਦੌਰਾਨ ਜ਼ਿਲ੍ਹਾ ਅਟਾਰਨੀ ਸ. ਅਮਨਪ੍ਰੀਤ ਸਿੰਘ ਸੰਧੂ ਨੇ ਵੱਖ-ਵੱਖ ਵਿਭਾਗਾਂ ਦੇ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਬਾਰੇ ਬਿਓਰਾ ਸਾਂਝਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ੍ਰੀ ਅਸ਼ਵਨੀ ਅਰੋੜਾ, ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਸ੍ਰੀ ਨਵਇੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਡਿਪਟੀ ਡੀ.ਈ.ਓ. ਸ. ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire