Close

Recent Posts

ਗੁਰਦਾਸਪੁਰ ਪੰਜਾਬ

ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਸ਼ਹਿਰ ਵਿੱਚ ਰੇਹੜੀ ਮਾਰਕਿਟ ਲਈ ਥਾਂ ਨਿਰਧਾਰਤ ਕੀਤੀ

ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਸ਼ਹਿਰ ਵਿੱਚ ਰੇਹੜੀ ਮਾਰਕਿਟ ਲਈ ਥਾਂ ਨਿਰਧਾਰਤ ਕੀਤੀ
  • PublishedJune 13, 2023

30 ਜੂਨ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਫ਼ਲਾਂ ਤੇ ਸਬਜ਼ੀਆਂ ਵਾਲੀਆਂ ਰੇਹੜੀਆਂ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਵਿਖੇ ਲੱਗਣਗੀਆਂ

ਰੇਹੜੀ ਮਾਲਕ ਨਵੀਂ ਰੇਹੜੀ ਮਾਰਕਿਟ ਵਿੱਚ ਆਪਣੀ ਥਾਂ ਬੁੱਕ ਕਰਵਾਉਣ ਲਈ ਨਗਰ ਕੌਂਸਲ ਗੁਰਦਾਸਪੁਰ ਨਾਲ ਸੰਪਰਕ ਕਰਨ

ਗੁਰਦਾਸਪੁਰ, 13 ਜੂਨ 2023 (ਦੀ ਪੰਜਾਬ ਵਾਇਰ )। ਗੁਰਦਾਸਪੁਰ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਆਮ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਰੇਹੜੀ ਮਾਰਕਿਟ ਲਈ ਇੱਕ ਖਾਸ ਥਾਂ ਨਿਰਧਾਰਤ ਕੀਤੀ ਗਈ ਹੈ, ਜਿਥੇ ਸਾਰੀਆਂ ਫ਼ਲਾਂ ਤੇ ਸਬਜ਼ੀਆਂ ਵਾਲੀਆਂ ਰੇਹੜੀਆਂ ਲੱਗਣਗੀਆਂ। ਅਜਿਹਾ ਹੋਣ ਨਾਲ ਗੁਰਦਾਸਪੁਰ ਸ਼ਹਿਰ ਦੇ ਬਾਕੀ ਭਾਗਾਂ, ਬਜ਼ਾਰਾਂ ਵਿੱਚੋਂ ਰੇਹੜੀਆਂ ਖਤਮ ਹੋਣ ਨਾਲ ਰਾਹਗੀਰਾਂ ਨੂੰ ਟਰੈਫਿਕ ਦੀ ਕੋਈ ਸਮੱਸਿਆ ਨਹੀਂ ਆਵੇਗੀ।

ਅੱਜ ਸਥਾਨਕ ਪੰਚਾਇਤ ਭਵਨ ਵਿਖੇ ਇਸ ਸਬੰਧੀ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ 30 ਜੂਨ ਤੱਕ ਗੁਰਦਾਸਪੁਰ ਸ਼ਹਿਰ ਵਿੱਚ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਲਈ ਥਾਂ ਤਿਆਰ ਕੀਤੀ ਜਾਵੇ ਤਾਂ ਜੋ ਜੁਲਾਈ ਮਹੀਨੇ ਤੋਂ ਸਾਰੀਆਂ ਰੇਹੜੀਆਂ ਓਥੇ ਸ਼ਿਫ਼ਟ ਕੀਤੀਆਂ ਜਾ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ਸੜਕਾਂ ਕਿਨਾਰੇ ਅਤੇ ਬਜ਼ਾਰਾਂ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਲੱਗਣ ਕਾਰਨ ਰਾਹਗੀਰਾਂ ਨੂੰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਵਿੱਚ ਕਈ ਸੜਕ ਦੁਰਘਟਨਾਵਾਂ ਵੀ ਵਾਪਰੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਹੜੀ ਮਾਰਕਿਟ ਲਈ ਖਾਸ ਥਾਂ ਨਿਰਧਾਰਤ ਕਰ ਦਿੱਤੀ ਗਈ ਹੈ ਜਿਥੇ ਨਗਰ ਕੌਂਸਲ ਵੱਲੋਂ ਸਾਰੀਆਂ ਰੇਹੜੀਆਂ ਨੂੰ ਥਾਂ ਅਲਾਟ ਕਰ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਜਿਹਾ ਹੋਣ ਨਾਲ ਰੇਹੜੀ ਮਾਰਕਿਟ ਇੱਕ ਤਰਾਂ ਨਾਲ ਫ਼ਲਾਂ ਅਤੇ ਸਬਜ਼ੀਆਂ ਦੀ ਮੰਡੀ ਬਣ ਜਾਵੇਗੀ ਅਤੇ ਭੀੜ ਵਾਲੇ ਬਜ਼ਾਰਾਂ ਤੋਂ ਹਟਵੀਂ ਹੋਣ ਕਾਰਨ ਗ੍ਰਾਹਕ ਵੀ ਓਥੇ ਅਸਾਨੀ ਨਾਲ ਪਹੁੰਚ ਸਕਣਗੇ ਜਿਸ ਨਾਲ ਰੇਹੜੀ ਵਾਲਿਆਂ ਦੀ ਅਮਾਦਨ ਵੀ ਵਧੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਓਥੇ ਸਫ਼ਾਈ ਵਿਵਸਥਾ ਦਾ ਪੂਰਾ ਖਿਆਲ ਰੱਖਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਸਮੂਹ ਰੇਹੜੀ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਗੁਰਦਾਸਪੁਰ ਨਾਲ ਸੰਪਰਕ ਕਰਕੇ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਵਿੱਚ ਆਪਣੀ ਥਾਂ ਬੁੱਕ ਕਰਵਾ ਲੈਣ। ਉਨ੍ਹਾਂ ਕਿਹਾ ਕਿ 30 ਜੂਨ ਤੋਂ ਬਾਅਦ ਸ਼ਹਿਰ ਵਿੱਚ ਸਿਰਫ਼ ਨਿਰਧਾਰਤ ਕੀਤੇ ਗਏ ਥਾਂ ਤੋਂ ਬਾਹਰ ਕਿਤੇ ਕੋਈ ਰੇਹੜੀ ਨਹੀਂ ਲਗਾਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ 30 ਜੁਨ ਤੱਕ ਸ਼ਹਿਰ ਦੀਆਂ ਸਾਰੀਆਂ ਰੇਹੜੀਆਂ ਨੂੰ ਨਿਰਧਾਰਤ ਥਾਂ ਉੱਪਰ ਸ਼ਿਫ਼ਟ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 30 ਜੂਨ ਤੋਂ ਬਾਅਦ ਨਵੇਂ ਥਾਂ ਸ਼ਿਫ਼ਟ ਹੋ ਰਹੀਆਂ ਰੇਹੜੀਆਂ ਤੋਂ ਹੀ ਸਬਜ਼ੀ ਅਤੇ ਫ਼ਲਾਂ ਦੀ ਖਰੀਦ ਹੀ ਕਰਨ।

Written By
The Punjab Wire