ਕਾਂਗਰਸੀ ਬਣ ਰਹੇ ਬਟਾਲਾ ਦੇ ਵਿਕਾਸ ਵਿੱਚ ਰੋੜਾ: ਆਪ ਕੌਂਸਲਰ
ਲੰਬੇ ਸਮੇ ਤੋ ਨਹੀਂ ਬੁਲਾਈ ਜਾ ਰਹੀ ਕਾਰਪੋਰੇਸ਼ਨ ਦੇ ਹਾਊਸ ਦੀ ਮੀਟਿੰਗ
ਮਤੇ ਨਾ ਪੈਣ ਕਰਕੇ ਸ਼ਹਿਰ ਦੇ ਕਈ ਇਲਾਕੇ ਰਹਿ ਰਹੇ ਵਿਕਾਸ ਕੰਮਾਂ ਤੋਂ ਵਾਂਝੇ
ਲੋਕ ਕਾਰਪੋਰੇਸ਼ਨ ਦੀ ਕਾਰਗੁਜਾਰੀ ਤੋਂ ਡਾਹਦੇ ਦੁਖੀ
ਸਵੱਛ ਭਾਰਤ ਅਭਿਆਨ ਤਹਿਤ ਆਈ ਗਰਾਂਟ ਨਾਲ ਵਿਕਾਸ ਕੰਮ ਕਰਵਾਉਣ ਲਈ ਵੀ ਨਹੀਂ ਪਾ ਰਹੇ ਕਾਂਗਰਸੀ ਕੌਂਸਲਰ ਮਤਾ
ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਨਾਲ ਸਰਕਾਰ ਵੱਲੋਂ 4.5ਕਰੋੜ ਦੇ ਕੰਮਾਂ ਨੂੰ ਮਨਜੂਰੀ ਮਿਲੀ
ਬਟਾਲਾ, 13 ਜੂਨ 2023 (ਦੀ ਪੰਜਾਬ ਵਾਇਰ )। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਹੰਗਾਮੀ ਮੀਟਿੰਗ ਸਥਾਨਕ ਡੇਰਾ ਰੋਡ ਵਿਖੇ ਹੋਈ ਜਿਸ ਵਿੱਚ ਕੌਂਸਲਰ ਸਰਦੂਲ ਸਿੰਘ, ਕੌਂਸਲਰ ਪੂਰਨ ਸਿੰਘ, ਕੌਂਸਲਰ ਹੀਰਾ ਲਾਲ, ਸੀਨੀਅਰ ਆਗੂ ਅਜਾਦਵਿੰਦਰ ਸਿੰਘ ਕਾਕਾ ਸ਼ਾਹ, ਸੀਨੀਅਰ ਆਗੂ ਰਾਜੇਸ਼ ਤੁਲੀ , ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮਿੰਟਾ, ਸੀਨੀਅਰ ਆਗੂ ਅਨੀਸ਼ ਅੱਗਰਵਾਲ, ਹਰਪਾਲ ਰਾਏ, ਬਿਕਰਮਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।
ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਸਾਂਝੇ ਤੌਰ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਕਾਂਗਰਸ ਦੇ ਮੇਅਰ ਅਤੇ ਕੌਂਸਲਰਾਂ ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਕਾਰਪੋਰੇਸ਼ਨ ਦਾ ਮੇਅਰ ਅਤੇ ਹੋਰ ਕਾਂਗਰਸੀ ਬਟਾਲਾ ਦੇ ਵਿਕਾਸ ਕੰਮਾਂ ਵਿੱਚ ਰੋੜਾ ਬਣ ਰਹੇ ਹਨ।
ਆਪ ਆਗੂਆਂ ਨੇ ਕਿਹਾ ਕਿ ਕਾਂਗਰਸੀਆਂ ਦਾ ਕਾਰਪੋਰੇਸ਼ਨ ਵਿੱਚ ਬਹੁਮਤ ਹੋਣ ਕਰਕੇ ਉਹ ਮਨਮਰਜੀਆਂ ਕਰ ਰਹੇ ਹਨ,ਕਾਨੂੰਨ ਅਤੇ ਸੰਵਿਧਾਨ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ। ਆਪ ਆਗੂਆਂ ਨੇ ਕਿਹਾ ਕਿ ਹਾਊਸ ਦੀ ਮੀਟਿੰਗ ਤਿੰਨ ਮਹੀਨੇ ਬਾਅਦ ਹੋਣੀ ਚਾਹੀਦੀ ਹੈ ਪਰ ਮੇਅਰ ਵੱਲੋਂ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਨਹੀਂ ਸੱਦੀ ਗਈ ਜਿਸ ਕਰਕੇ ਬਟਾਲਾ ਦੇ ਵਿਕਾਸ ਕੰਮਾਂ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ।
ਆਪ ਆਗੂਆਂ ਨੇ ਮੇਅਰ ਅਤੇ ਕਾਂਗਰਸੀਆਂ ਤੇ ਆਰੋਪ ਲਗਾਇਆ ਕੇ ਸਵੱਛ ਭਾਰਤ ਅਭਿਆਨ ਤਹਿਤ ਆਈ 5 ਕਰੋੜ ਦੀ ਗਰਾਂਟ ਨੂੰ ਵਿਕਾਸ ਕੰਮਾਂ ਲਈ ਖ਼ਰਚਣ ਵਾਸਤੇ ਵੀ ਹਾਊਸ ਵਿੱਚ ਮਤਾ ਪੇਸ਼ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਸਪੱਸ਼ਟ ਹੋ ਚੁੱਕਾ ਹੈ ਕਿ ਕਾਂਗਰਸੀ ਬਟਾਲਾ ਦਾ ਵਿਕਾਸ ਹੁੰਦਾ ਵੇਖਣਾ ਨਹੀਂ ਚਾਹੁੰਦੇ।
ਆਪ ਆਗੂਆਂ ਨੇ ਕਿਹਾ ਕਿ ਕਾਂਗਰਸੀਆਂ ਦੀ ਬਦਨੀਅਤੀ ਅਤੇ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਦੇ ਬਾਵਜੂਦ ਵੀ ਹਲਕਾ ਵਿਧਾਇਕ ਸ਼ੈਰੀ ਕਲਸੀ ਵੱਲੋਂ ਸ਼ਹਿਰ ਦੇ ਵਿਕਾਸ ਲਈ ਸਰਕਾਰ ਤੋਂ ਗ੍ਰਾਂਟਾਂ ਲਿਆਂਦੀਆਂ ਜਾ ਰਹੀਆ ਹਨ ਜਿਸ ਤਹਿਤ 4.5 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ ਤੇ ਆਉਂਦੇ ਦਿਨਾਂ ਵਿੱਚ ਗਾਂਧੀ ਨਗਰ ਕੈਂਪ, ਮੁਰਗੀ ਮੁਹੱਲਾ, ਫੈਜਪੁਰਾ, ਮੀਆਂ ਮੁਹੱਲਾ ਕ੍ਰਿਸ਼ਚੀਅਨ ਕਾਲੋਨੀ ਆਦਿ ਇਲਾਕਿਆਂ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਜੜੋਂ ਖਤਮ ਕਰਨ ਲਈ ਨਵਾਂ ਸੀਵਰੇਜ਼ ਜਲਦ ਪਾਇਆ ਜਾ ਰਿਹਾ ਹੈ।
ਆਪ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਸ਼ੈਰੀ ਕਲਸੀ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਸ਼ਹਿਰ ਨੂੰ ਖ਼ੂਬਸੂਰਤ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਅਤੇ ਗ੍ਰਾਂਟਾਂ ਲਿਆਂਦੀਆਂ ਜਾ ਰਹੀਆਂ ਹਨ।