ਪਿਛਲੇ 6 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਬਚਾ ਰਹੇ ਧਰਤ ਹੇਠਲਾ ਪਾਣੀ
ਬਲਦੇਵ ਸਿੰਘ ਨੇ ਆਪਣੇ ਖੇਤਾਂ ਵਿੱਚ ਲਗਾਇਆ ਹੋਇਆ ਹੈ ਗੁਰੂ ਨਾਨਕ ਮਿੰਨੀ ਜੰਗਲ
ਗੁਰਦਾਸਪੁਰ, 11 ਜੂਨ 2023 (ਦੀ ਪੰਜਾਬ ਵਾਇਰ )। ਪੰਜਾਬ ਮੰਡੀ ਬੋਰਡ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਐਕਸੀਅਨ ਸੇਵਾਵਾਂ ਨਿਭਾ ਰਹੇ ਸ. ਬਲਦੇਵ ਸਿੰਘ ਬਾਜਵਾ ਪੰਜਾਬ ਸਰਕਾਰ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਦੇ ਨਾਲ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਵਿੱਚ ਵੀ ਨਵੀਆਂ ਪੈੜਾਂ ਪਾ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਨੇੜੇ ਪਿੰਡ ਸ਼ਾਹਪੁਰ ਅਮਰਗੜ੍ਹ ਦੇ ਵਸਨੀਕ ਸ. ਬਲਦੇਵ ਸਿੰਘ ਬਾਜਵਾ ਨਾ ਸਿਰਫ ਵਾਤਾਵਰਣ ਪੱਖੀ ਖ਼ੇਤੀ ਦੇ ਪੈਰੋਕਾਰ ਹਨ ਨਾਲ ਦੀ ਨਾਲ ਸਮਾਜਿਕ, ਧਾਰਮਿਕ, ਵਾਤਾਵਰਨ, ਖ਼ੇਤੀ ਸਮੂਹ ਦੇ ਸਰੋਕਾਰਾਂ ਨਾਲ ਸਰਗਰਮ ਰੂਪ ਚ ਜੁੜੀ ਹੋਈ ਸ਼ਖਸ਼ੀਅਤ ਹਨ।
ਸ. ਬਲਦੇਵ ਸਿੰਘ ਬਾਜਵਾ ਪਿਛਲੇ 18 ਸਾਲ ਤੋਂ ਅੱਗ-ਮੁਕਤ ਖ਼ੇਤੀ ਕਰ ਰਹੇ ਹਨ ਅਤੇ ਛੇ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਦੀ ਬਚਤ ਕਰ ਰਹੇ। ਉਨ੍ਹਾਂ ਨੇ ਆਪਣੀ ਸਾਢੇ ਸੱਤ ਕਿੱਲੇ ਦੀ ਸਾਰੀ ਦੀ ਸਾਰੀ ਖੇਤੀ ਝੋਨੇ ਦੀ ਸਿੱਧੀ ਬਿਜਾਈ ਨੂੰ ਸਮਰਪਿਤ ਕਰ ਦਿੱਤੀ ਹੈ। ਸ. ਬਲਦੇਵ ਸਿੰਘ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਦੇ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਅਕਸਰ ਹੀ ਖੇਤੀ ਮਾਹਿਰਾਂ ਦੀਆਂ ਸਲਾਹਾਂ ਨੂੰ ਆਪਣੇ ਖੇਤਾਂ ਵਿੱਚ ਸਫਲਤਾ ਨਾਲ ਲਾਗੂ ਕਰਦੇ ਰਹਿੰਦੇ ਹਨ। ਉਹ ਕਿਸਾਨ ਸੰਦ ਬੈਂਕ ਗੁਰਦਾਸਪੁਰ ਦੇ ਸੰਦਾਂ ਰਾਹੀਂ ਹੀ ਸਾਰੀ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਵਾਉਂਦੇ ਹਨ। ਅੱਗ-ਮੁਕਤ, ਕੱਦੂ-ਮੁਕਤ, ਝੋਨਾ-ਮੁਕਤ ਅਤੇ ਜ਼ਹਿਰ-ਮੁਕਤ ਪੰਜਾਬ ਮਿਸ਼ਨ ਨਾਲ ਜੁੜੇ ਹੋਏ ਸ. ਬਲਦੇਵ ਸਿੰਘ ਬਾਜਵਾ ਆਪਣੇ ਇਲਾਕੇ ਦੇ ਕਿਸਾਨਾਂ ਲਈ ਰਾਹ-ਦਸੇਰਾ ਬਣੇ ਹੋਏ ਹਨ। ਸ. ਬਲਦੇਵ ਸਿੰਘ ਬਾਜਵਾ ਫ਼ਸਲੀ ਵਿਭਿਨਤਾ ਤਹਿਤ ਬਾਗ਼ ਲਾਉਣ ਦਾ ਇਰਾਦਾ ਵੀ ਰੱਖਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਾਗਬਾਨੀ ਵਿਭਾਗ ਦੀ ਸਲਾਹ ਨਾਲ ਆਪਣੀ ਜ਼ਮੀਨ ਦਾ ਕੁਝ ਰਕਬਾ ਬਾਗਾਂ ਦੇ ਹੇਠ ਵੀ ਲਿਆਉਣਗੇ।
ਐਕਸੀਅਨ ਸ. ਬਲਦੇਵ ਸਿੰਘ ਬਾਜਵਾ ਨੇ ਸਾਢੇ ਸੱਤ ਕਿਲਿਆਂ ਚੋਂ ਇਕ ਕਨਾਲ ਜਗ੍ਹਾ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੂੰ “ਗੁਰੂ ਨਾਨਕ ਮਿੰਨੀ ਜੰਗਲ” ਲਈ ਅਰਪਿਤ ਕਰ ਦਿੱਤੀ ਸੀ, ਜਿਸ ਵਿੱਚ 25 ਜੁਲਾਈ 2021 ਨੂੰ 93ਵਾਂ ਜੰਗਲ ਲਗਾਇਆ ਗਿਆ ਸੀ, ਜੋ ਹੁਣ ਭਰਪੂਰ ਮੌਲ਼ ਗਿਆ ਹੈ ਅਤੇ ਪੰਛੀਆਂ ਦਾ ਰੈਣ ਬਸੇਰਾ ਬਣ ਗਿਆ ਹੈ। ਇਸ ਤੋਂ ਇਲਾਵਾ ਵੀ ਉਹ ਆਪਣੇ ਦਸਵੰਧ ਚੋਂ ਬੂਟਿਆਂ ਦੀ ਸੇਵਾ ਜਾਰੀ ਰੱਖਦੇ ਹਨ ਤੇ ਬਿਰਦ ਆਸ਼ਰਮ ਤੇ ਹੋਰ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ।
ਸ. ਬਲਦੇਵ ਸਿੰਘ ਬਾਜਵਾ ਕਹਿੰਦੇ ਹਨ ਕਿ ਜੇਕਰ ਅਸੀਂ ਹੁਣ ਵੀ ਆਪਣਾ ਜ਼ਮੀਨ ਹੇਠਲਾ ਪਾਣੀ ਨਾ ਬਚਾਇਆ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਦੀਆਂ ਫ਼ਸਲਾਂ ਦੀ ਕਾਸ਼ਤ ਕਰ ਰਹੇ ਹਨ ਅਤੇ ਉਸਦੀਆਂ ਫ਼ਸਲਾਂ ਦਾ ਝਾੜ ਵਧਿਆ ਹੈ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਕਰਨ ਦੀ ਅਪੀਲ ਕੀਤੀ ਹੈ।