ਕਾਰਡ ਬਣਵਾਉਣ ਲਈ ਕਾਮਨ ਸਰਵਿਸ ਸੈਂਟਰਾਂ ਅਤੇ ਸੇਵਾ ਕੇਂਦਰਾਂ ਵਿਖੇ ਪਹੁੰਚ ਕਰ ਸਕਦੇ ਹਨ ਲਾਭਪਾਤਰੀ
ਗੁਰਦਾਸਪੁਰ, 30 ਮਈ 2023 ( ਦੀ ਪੰਜਾਬ ਵਾਇਰ )। ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ 1600 ਤਰਾਂ ਦੀਆਂ ਬੀਮਾਰੀਆਂ ਦੇ ਮੁਫ਼ਤ ਇਲਾਜ਼ ਦੀ ਸੁਵਿਧਾ ਦਿੱਤੀ ਜਾਂਦੀ ਹੈ ਜੋ ਕਿ ਲਾਭਪਤਾਰੀ ਪਰਿਵਾਰਾਂ ਲਈ ਵੱਡੀ ਸਹੂਲਤ ਸਾਬਤ ਹੋ ਰਹੀ ਹੈ। ਇਸ ਪ੍ਰਮੁੱਖ ਸਿਹਤ ਬੀਮਾ ਯੋਜਨਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਇਸ ਸਕੀਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 37 ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ ਹਰ ਸਾਲ 5 ਲੱਖ ਰੁਪਏ ਤੱਕ ਦੀ ਨਗਦੀ ਰਹਿਤ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਗੋਢੇ ਬਦਲਣ, ਦਿਲ ਦੇ ਆਪ੍ਰੇਸ਼ਨ, ਕੈਂਸਰ ਆਦਿ ਤੋਂ ਇਲਾਵਾ ਕੰਨਾ ਦੇ ਪਰਦੇ ਮੁਫ਼ਤ ਪਾਉਣ ਸਮੇਤ ਕਰੀਬ 1600 ਤਰਾਂ ਦੇ ਇਲਾਜ਼ ਦੀ ਸੁਵਿਧਾ ਮਿਲਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਯੂਸ਼ਮਾਨ ਭਾਰਤ ਸਕੀਮ ਅਧੀਨ ਮੁਫ਼ਤ ਸਿਹਤ ਇਲਾਜ਼ ਦਾ ਲਾਭ ਲੈਣ ਲਈ ਆਪਣੇ ਲਾਭਪਾਤਰੀ ਕਾਰਡ ਜਰੂਰ ਬਣਵਾਉਣ।
ਉਨਾਂ ਕਿਹਾ ਕਿ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਸਮੇਂ ਲਾਭਪਾਤਰੀ ਆਪਣੇ ਆਧਾਰ ਕਾਰਡ ਅਤੇ ਪਰਿਵਾਰ ਦਾ ਸਬੂਤ, ਪਰਿਵਾਰ ਘੋਸ਼ਣਾ ਫਾਰਮ, ਰਾਸ਼ਨ ਕਾਰਡ, ਲੇਬਰ ਕਾਰਡ ਆਦਿ ਸਮੇਤ ਦਸਤਾਵੇਜ਼ ਨਾਲ ਲਗਾਉਣ। ਉਨ੍ਹਾਂ ਕਿਹਾ ਕਿ ਇਹ ਕਾਰਡ ਸੂਬੇ ਵਿੱਚ ਕਾਮਨ ਸਰਵਿਸ ਸੈਂਟਰਾਂ ਅਤੇ ਸੇਵਾ ਕੇਂਦਰਾ ਵਿਖੇ ਬਣਾਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਕਿਸਾਨ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ, ਰਜਿਸਟਰਡ ਵਰਕਰ, ਐਸ.ਈ.ਸੀ.ਸੀ. ਡਾਟਾ ਪਰਿਵਾਰ ਅਤੇ ਰਜਿਸਟਰਡ ਪੱਤਰਕਾਰਾਂ ਨੂੰ ਕਵਰ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਮਾਂਡੀ ਨੇ ਕਿਹਾ ਕਿ ਕੰਨਾਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜਾਂ ਦਾ ਇਲਾਜ਼ ਵੀ ਇਸ ਯੋਜਨਾ ਦੇ ਤਹਿਤ ਮੁਫਤ ਕੀਤਾ ਜਾਂਦਾ ਹੈ। ਕੰਨਾਂ ਦੇ ਪਰਦੇ ਇਸ ਬੀਮਾ ਯੋਜਨਾ ਅਧੀਨ ਬਦਲਵਾਏ ਜਾ ਸਕਦੇ ਹਨ। ਉਨਾਂ ਜ਼ਿਲ੍ਹੇ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਕਾਰਡ ਘਰ ਦੇ ਕੋਈ ਵੀ ਮੈਂਬਰ ਦੇ ਬੀਮਾਰ ਜਾਂ ਦਾਖਲ ਹੋਣ ਤੋਂ ਪਹਿਲਾਂ ਬਣਵਾਉਣ ਤਾਂ ਜੋ ਇਹ ਕਾਰਡ ਇਲਾਜ਼ ਮੌਕੇ ਕੰਮ ਆ ਸਕੇ ਅਤੇ ਮਰੀਜ਼ ਦਾ ਮੁਫਤ ਇਲਾਜ ਤੁਰੰਤ ਹੋ ਸਕੇ।