ਕੌਂਸਲ ਨੇ ਸ਼ਹਿਰ ਦੇ ਨਾਲਿਆਂ ਦੀ ਸਫਾਈ ਕੀਤੀ ਸ਼ੁਰੂ, ਇੱਕ ਮਹੀਨਾ ਚੱਲੇਗੀ ਮੁਹਿੰਮ, ਹਰ ਡਰੇਨ ਦੀ ਕਰਵਾਈ ਜਾਵੇਗੀ ਸਫ਼ਾਈ
ਗੁਰਦਾਸਪੁਰ, 27 ਮਈ 2023 (ਦੀ ਪੰਜਾਬ ਵਾਇਰ)। ਨਗਰ ਕੌਂਸਲ ਗੁਰਦਾਸਪੁਰ ਵੱਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਨਾਲੀਆਂ ਦੀ ਸਫ਼ਾਈ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜਿਸ ਦੀ ਸ਼ੁਰੂਆਤ ਗੀਤਾ ਭਵਨ ਰੋਡ ਤੋਂ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੱਲੋਂ ਕੀਤੀ ਗਈ। ਉਨ੍ਹਾਂ ਨਾਲ ਨਗਰ ਕੌਂਸਲ ਦੇ ਸੁਪਰਡੈਂਟ ਅਸ਼ੋਕ ਕੁਮਾਰ, ਸੈਨੇਟਰੀ ਜੋਤੀ ਸਵਰੂਪ ਅਤੇ 50 ਦੇ ਕਰੀਬ ਸਫ਼ਾਈ ਸੇਵਕ ਹਾਜ਼ਰ ਸਨ। ਪਹਿਲੇ ਦਿਨ ਗੀਤਾ ਭਵਨ ਰੋਡ ਅਤੇ ਮੇਹਰ ਚੰਦ ਰੋਡ ‘ਤੇ ਸਫ਼ਾਈ ਅਭਿਆਨ ਚਲਾਇਆ ਗਿਆ।
ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਰਹਿੰਦੀ ਹੈ। ਜਿਸ ਦੇ ਚੱਲਦਿਆਂ ਨਗਰ ਕੌਾਸਲ ਨੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਛੋਟੇ-ਵੱਡੇ ਨਾਲਿਆਂ ਦੀ ਸਫ਼ਾਈ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਕੌਂਸਲ ਦੇ 50 ਸਫ਼ਾਈ ਕਰਮਚਾਰੀਆਂ ਨੂੰ ਲਗਾਇਆ ਗਿਆ ਹੈ, ਜੋ ਅਗਲੇ ਇੱਕ ਮਹੀਨੇ ਤੱਕ ਜਾਰੀ ਰਹੇਗਾ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਭਾਵੇਂ ਘੱਟ ਰਕਬੇ ਦੀ ਰੋਜ਼ਾਨਾ ਸਫ਼ਾਈ ਕੀਤੀ ਜਾਵੇ, ਇਸ ਤਰ੍ਹਾਂ ਕੀਤੀ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਕਿਤੇ ਵੀ ਪਾਣੀ ਇਕੱਠਾ ਨਾ ਹੋਵੇ |
ਪ੍ਰਧਾਨ ਪਾਹੜਾ ਨੇ ਸ਼ਹਿਰ ਵਾਸੀਆਂ ਨੂੰ ਪੋਲੀਥੀਨ ਅਤੇ ਹੋਰ ਕੂੜਾ ਡਰੇਨਾਂ ਵਿੱਚ ਨਾ ਸੁੱਟਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਦੌਰਾਨ ਦੇਖਿਆ ਗਿਆ ਹੈ ਕਿ ਡਰੇਨਾਂ ਅਤੇ ਸੀਵਰੇਜ ਦੀ ਜ਼ਿਆਦਾਤਰ ਰੁਕਾਵਟ ਪੋਲੀਥੀਨ ਅਤੇ ਕੂੜੇ ਕਾਰਨ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸਾਰੀਆਂ ਗਲੀਆਂ ਵਿੱਚ ਕੂੜਾ ਚੁੱਕਣ ਲਈ ਸਫਾਈ ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਜੋ ਰੋਜ਼ਾਨਾ ਈ-ਰਿਕਸ਼ਾ ਰਾਹੀਂ ਹਰ ਘਰ ਦਾ ਕੂੜਾ ਚੁੱਕ ਰਹੇ ਹਨ। ਇਸ ਲਈ ਲੋਕ ਆਪਣਾ ਕੂੜਾ ਡਰੇਨਾਂ ਵਿੱਚ ਸੁੱਟਣ ਦੀ ਬਜਾਏ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਈ-ਰਿਕਸ਼ਾ ਚਾਲਕਾਂ ਨੂੰ ਦੇਣ ਤਾਂ ਜੋ ਉਹ ਉਸ ਨੂੰ ਸਹੀ ਥਾਂ ‘ਤੇ ਸੁੱਟ ਦੇਣ, ਤਾਂ ਜੋ ਨਾਲੀਆਂ ਵਿੱਚ ਜਾਮ ਵੀ ਨਾ ਲੱਗੇ ਅਤੇ ਲੋਕਾਂ ਨੂੰ ਵੀ ਖੱਜਲ-ਖੁਆਰੀ ਨਾ ਹੋਵੇ ਅਤੇ ਬਰਸਾਤ ਦੇ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਨਗਰ ਕੌਾਸਲ ਦੇ ਸੁਪਰਡੈਂਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਲ ਹੀ ‘ਚ ਹੋਈ ਹਾਊਸ ਮੀਟਿੰਗ ਦੌਰਾਨ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੱਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਨਾਲੀਆਂ ਦੀ ਸਫ਼ਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਰਸਾਤ ਦੇ ਮੌਸਮ ਵਿੱਚ ਕੋਈ ਵੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ 50 ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਸਫ਼ਾਈ ਮੁਹਿੰਮ ‘ਚ ਜੁੱਟੀਆਂ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅਗਲੇ ਇੱਕ ਮਹੀਨੇ ਤੱਕ ਜਾਰੀ ਰਹੇਗੀ। ਇਸ ਦੌਰਾਨ ਜੇਕਰ ਮੁਲਾਜ਼ਮਾਂ ਨੂੰ ਵਧਾਉਣ ਜਾਂ ਘਟਾਉਣ ਦੀ ਲੋੜ ਪਈ ਤਾਂ ਉਹ ਵੀ ਸਮੇਂ ਦੇ ਹਿਸਾਬ ਨਾਲ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਪੋਲੀਥੀਨ ਅਤੇ ਹੋਰ ਕੂੜਾ ਡਰੇਨਾਂ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ ਲਈ ਬਣਾਈਆਂ ਗਈਆਂ ਟੀਮਾਂ ਅਗਲੇ ਇੱਕ ਮਹੀਨੇ ਤੱਕ ਐਤਵਾਰ ਨੂੰ ਕੰਮ ਕਰਨਗੀਆਂ।