ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਪੁਲਿਸ ਦੀ ਨਵੀਂ ਪਹਿਲ- ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਜੋੜਨ ਲਈ ਬਾਰਡਰ ਗੁਰਦਾਸਪੁਰ ਟਰਾਫੀ ਦੀ ਕੀਤੀ ਸ਼ੁਰੂਆਤ

ਗੁਰਦਾਸਪੁਰ ਪੁਲਿਸ ਦੀ ਨਵੀਂ ਪਹਿਲ- ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਜੋੜਨ ਲਈ ਬਾਰਡਰ ਗੁਰਦਾਸਪੁਰ ਟਰਾਫੀ ਦੀ ਕੀਤੀ ਸ਼ੁਰੂਆਤ
  • PublishedMay 24, 2023

ਪੁਲਿਸ ਵੱਲੋਂ ਕੀਤੀ ਪਹਿਲਕਦਮੀ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਿੱਚ ਹੋਵੇਗੀ ਸਹਾਈ

ਬਾਰਡਰ ਗੁਰਦਾਸਪੁਰ ਟਰਾਫੀ (ਵਾਲੀਬਾਲ) 23 ਤੋਂ 29 ਮਈ ਤੱਕ ਚੱਲੇਗੀ – ਐਸਐਸਪੀ ਹਰੀਸ਼ ਦਾਇਮਾ

ਗੁਰਦਾਸਪੁਰ, 24 ਮਈ 2023 (ਮੰਨਣ ਸੈਣੀ)। ਗੁਰਦਾਸਪੁਰ ਪੁਲਿਸ ਵੱਲੋਂ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਐਸ.ਐਸ.ਪੀ ਹਰੀਸ਼ ਦਿਯਾਮਾ ਦੇ ਨਿਰਦੇਸ਼ਾਂ ਤਹਿਤ ਬਾਰਡਰ ਗੁਰਦਾਸਪੁਰ ਟਰਾਫੀ (ਵਾਲੀਬਾਲ) 2023 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਖੇਡ ਮੁਕਾਬਲਾ 23 ਮਈ ਤੋਂ 29 ਮਈ ਤੱਕ ਚੱਲੇਗਾ।

ਦੱਸ ਦਈਏ ਕਿ ਗੁਰਦਾਸਪੁਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਇੱਥੋਂ ਦੇ ਬਹੁਤੇ ਨੌਜਵਾਨ ਨਸ਼ੇ ਦੇ ਸੌਦਾਗਰਾਂ ਦੇ ਹੱਥ ਚੱੜ ਕੇ ਯਾ ਤਾਂ ਨਸ਼ਾ ਤਸਕਰੀ ਕਰਨ ਲੱਗ ਜਾਂਦੇ ਸਨ ਅਤੇ ਜਾਂ ਖ਼ੁਦ ਨਸ਼ੇ ਦੇ ਬਿਮਾਰ ਬਣ ਜਾਂਦੇ ਹਨ। ਪੁਲਿਸ, ਪ੍ਰਸ਼ਾਸਨ ਅਤੇ ਬੀਐਸਐਫ ਵੱਲੋਂ ਸਰਹੱਦੀ ਪਿੰਡਾਂ ਵਿੱਚ ਲੋਕਾਂ ਦੀਆਂ ਟੀਮਾਂ ਬਣਾ ਕੇ ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਰਾਹੀਂ ਤਸਕਰੀ ਨੂੰ ਰੋਕਣ ਲਈ ਜਿੱਥੇ ਕਈ ਯਤਨ ਕੀਤੇ ਜਾ ਰਹੇ ਹਨ। ਡਰੋਨ ਗਤਿਵਿਧੀ ਦੀ ਜਾਣਕਾਰੀ ਦੇਣ ਵਾਲੀਆਂ ਨੂੰ ਇਨਾਮ ਘੋਸ਼ਿਤ ਕੀਤੇ ਗਏ ਹਨ। ਉੱਥੇ ਹੀ ਤਾਲਮੇਲ ਕਮੇਟੀਆਂ ਦੀ ਸਲਾਹ ਲੈ ਕੇ ਪੁਲਿਸ, ਪ੍ਰਸ਼ਾਸਨ ਅਤੇ ਬੀਐਸਐਫ ਵੱਲੋਂ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਲੋਕ ਮਿਲਣੀ ਰਾਹੀਂ ਸਰਹੱਦੀ ਲੋਕਾਂ ਅਤੇ ਨੌਜਵਾਨਾਂ ਦੀ ਮੰਗ ਤੇ ਪੁਲਿਸ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ। ਜਿਸ ਦੇ ਚਲਦਿਆਂ ਗੁਰਦਾਸਪੁਰ ਦੇ ਐਸ.ਐਸ.ਪੀ ਹਰੀਸ਼ ਦਿਯਾਮਾ ਵੱਲੋਂ ਨੌਜਵਾਨਾਂ ਅਤੇ ਪੁਲਿਸ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਇਸ ਟਰਾਫੀ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰੀਸ਼ ਦਿਯਾਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਦੀਨਾਨਗਰ ਦੇ ਏਐਸਪੀ ਆਈਪੀਐਸ ਅਦਿੱਤਿਆ ਵੱਲੋਂ ਪਲਾਨ ਕੀਤਾ ਗਿਆ ਹੈ। ਬਾਰਡਰ ਗੁਰਦਾਸਪੁਰ ਟਰਾਫੀ ਨੂੰ ਸਾਲਾਨਾ ਟੂਰਨਾਮੈਂਟ ਬਣਾਉਣ ਦੀ ਯੋਜਨਾ ਹੈ ਜਿਸ ਵਿੱਚ ਸਰਹੱਦੀ ਪਿੰਡਾਂ ਦੀਆਂ ਟੀਮਾਂ ਭਾਗ ਲੈਣਗੀਆਂ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਥਾਣਾ ਪੱਧਰ ’ਤੇ ਮੁਕਾਬਲੇ ਹੋਣਗੇ। ਜਿਸ ਵਿੱਚ ਥਾਣਾ ਕਲਾਨੌਰ, ਥਾਣਾ ਦੋਰਾਂਗਲਾ ਅਤੇ ਥਾਣਾ ਬਹਿਰਾਮਪੁਰ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਥਾਣਾ ਸਦਰ ਅਧੀਨ ਪੈਂਦੇ ਸਾਰੇ ਪਿੰਡਾਂ ਦੇ ਨੌਜਵਾਨਾਂ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਆਪਸ ਵਿੱਚ ਭਿੜਨਗੀਆਂ। ਥਾਣਾ ਪੱਧਰੀ ਟੂਰਨਾਮੈਂਟ ਦਾ ਜੇਤੂ ਅਗਲੇ ਪੱਧਰ ਲਈ ਕੁਆਲੀਫਾਈ ਕਰੇਗਾ। ਦੂਜਾ ਪੱਧਰ ਗੁਰਦਾਸਪੁਰ ਪੁਲਿਸ ਲਾਈਨ ਵਿਖੇ ਹੋਵੇਗਾ ਜਿੱਥੇ ਚੋਟੀ ਦੀਆਂ ਟੀਮਾਂ ਬਾਰਡਰ ਗੁਰਦਾਸਪੁਰ ਟਰਾਫੀ ਲਈ ਭਿੜਨਗੀਆਂ। ਉਨ੍ਹਾਂ ਕਿਹਾ ਕਿ ਪ੍ਰਤੀਯੋਗੀਆਂ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਪ੍ਰਤੀ ਰੁਚੀ ਵਧਾਉਣ ਲਈ ਵੀ ਇਹ ਯੋਜਨਾ ਉਲੀਕੀ ਗਈ ਹੈ। ਇਸ ਦੇ ਨਾਲ ਹੀ ਜੇਤੂ ਟੀਮਾਂ ਦੀਆਂ ਫੋਟੋਆਂ ਅਤੇ ਨਾਂ ਰੋਲਿੰਗ ਟਰਾਫੀ ਦੇ ਨਾਲ ਪੁਲਿਸ ਲਾਈਨ ਗੁਰਦਾਸਪੁਰ ਦੇ ਡਿਸਪਲੇ ਰੂਮ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ।

ਐਸਐਸਪੀ ਹਰੀਸ਼ ਦਿਯਾਮਾ

ਐਸਐਸਪੀ ਹਰੀਸ਼ ਦਿਯਾਮਾ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ 12 ਤੋਂ 24 ਸਾਲ ਉਮਰ ਵਰਗ ਵਿੱਚ ਨਾਮਜ਼ਦਗੀਆਂ ਲੈ ਕੇ 16 ਟੀਮਾਂ ਵਿੱਚ 170 ਤੋਂ ਵੱਧ ਪ੍ਰਤੀਯੋਗੀ ਅੱਗੇ ਆਏ ਹਨ। ਉਨ੍ਹਾਂ ਦੱਸਿਆ ਕਿ ਹਰ ਨਾਮਜ਼ਦ ਟੀਮ ਨੂੰ ਵਾਲੀਬਾਲ ਕਿੱਟ ਅਤੇ ਮੁਫਤ ਟੀ-ਸ਼ਰਟਾਂ ਦਿੱਤੀਆਂ ਗਈਆਂ ਹਨ।

ਭਾਗ ਲੈਣ ਵਾਲੇ ਪਿੰਡ:

ਐਸਐਸਪੀ ਹਰੀਸ਼ ਨੇ ਦੱਸਿਆ ਕਿ ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਮਕੋੜਾ, ਮਰਦਾ, ਭਰਿਆਲ, ਤੂਰ, ਕੁੱਕੜ ਦੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਰਡਰ ਗੁਰਦਾਸਪੁਰ ਟਰਾਫੀ ਵਿੱਚ ਥਾਣਾ ਠਾਕੁਰਪੁਰ, ਸ਼ਮਸ਼ੇਰਪੁਰ, ਚੌਤਰਾ, ਘਾਨਾ, ਸ਼੍ਰੀਰਾਮਪੁਰ, ਗਲਹਰੀ, ਵਜ਼ੀਰਪੁਰ, ਦੁੱਗਰੀ, ਜੈਨਪੁਰ, ਕੁਸ਼ੀਪੁਰ ਥਾਣਾ ਦੋਰਾਂਗਲਾ ਅਤੇ ਅਲਾਵਲਪੁਰ, ਚੰਦੂਵਾੜਾ, ਸ਼ੋਰਕਲਾ, ਥਾਣਾ ਕਲਾਨੌਰ ਦੇ ਨੌਜਵਾਨ ਭਾਗ ਲੈ ਰਹੇ ਹਨ।

ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਨੂੰ ਵੀਰ ਸ਼ਹੀਦ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਜੋ ਕਿ ਸ਼ਹੀਦ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਸੌਂਪਿਆ ਜਾਵੇਗਾ।

Written By
The Punjab Wire