ਗੁਰਦਾਸਪੁਰ, 22 ਮਈ 2023 (ਦੀ ਪੰਜਾਬ ਵਾਇਰ )। ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਛੇ ਸਕਾਲਰ ਅਤੇ ਰੈਜੀਡੈਂਸਲ ਵਿੱਚ ਹੋਣਹਾਰ ਖਿਡਾਰੀਆਂ /ਖਿਡਾਰਨਾਂ ਨੂੰ ਦਾਖਲ ਕਰਨ ਲਈ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਸੁਖਚੈਨ ਸਿੰਘ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਵੱਖ-ਵੱਖ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖਿਡਾਰੀਆਂ ਨੂੰ ਡੇਅ ਸਕਾਲਰ/ਰੈਜੀਡੈਂਸਲ ਸਪੋਰਟਸ ਵਿੰਗ (ਸਕੂਲ) ਵਿੱਚ ਸ਼ਾਮਿਲ ਕੀਤਾ ਜਾਣਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਸਬੰਧੀ ਸਪੋਰਟਸ ਵਿੰਗ ਸਕੂਲਜ ਲੜਕੇ ਅਤੇ ਲੜਕੀਆਂ ਸਥਾਪਿਤ ਕਰਨ ਲਈ ( ਉਮਰ ਵਰਗ ਅੰਡਰ-14, 17, 19) ਗੇਮ ਐਥਲੈਟਿਕਸ ਦੇ ਸਿਲੈਕਸ਼ਨ ਟਰਾਇਲ ਲੜਕੇ/ਲੜਕੀਆਂ ਸਰਕਾਰੀ ਕਾਲਜ ਗੁਰਦਾਸਪੁਰ, ਹਾਕੀ ਲੜਕੇ/ਲੜਕੀਆਂ ਦੇ ਸਿਲੈਕਸ਼ਨ ਟਰਾਇਲ ਸਰਕਾਰੀ ਕਾਲਜ ਗੁਰਦਾਸਪੁਰ, ਫੁੱਟਬਾਲ ਲੜਕੇ ਦੇ ਸਿਲੈਕਸ਼ਨ ਟਰਾਇਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫ਼ਗਾਨਾ (ਆਜਮਪੁਰ), ਜਿਮਨਾਸਟਿਕ ਲੜਕੇ/ਲੜਕੀਆਂ ਦੇ ਟਰਾਇਲ ਜਿਮਨੇਜੀਅਮ ਹਾਲ ਗੁਰਦਾਸਪੁਰ, ਕੁਸਤੀ ਲੜਕੇ/ਲੜਕੀਆਂ ਦੇ ਟਰਾਇਲ ਐੱਸ.ਐੱਸ.ਐੱਮ ਕਾਲਜ ਦੀਨਾਨਗਰ, ਬੈਡਮਿੰਟਨ ਲੜਕੇ/ਲੜਕੀਆਂ ਦੇ ਟਰਾਇਲ ਜਿਮਨੇਜੀਅਮ ਹਾਲ ਗੁਰਦਾਸਪੁਰ, ਵੇਟ ਲਿਫਟਿੰਗ ਲੜਕੇ/ਲੜਕੀਆਂ ਦੇ ਟਰਾਇਲ ਸਿੱਖ ਨੈਸ਼ਨਲ ਕਾਲਜ ਕਾਦੀਆਂ, ਜੂਡੋ ਲੜਕੇ/ਲੜਕੀਆਂ ਦੇ ਟਰਾਇਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਮਿਤੀ 24-05-2022 ਨੂੰ ਲੜਕੇ ਅਤੇ ਮਿਤੀ 25-05-2022 ਨੂੰ ਲੜਕੀਆਂ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਨੇ ਅੱਗੇ ਦੱਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 01-01-2010, ਅੰਡਰ-17 ਲਈ 01-01-2007, ਅੰਡਰ-19 ਲਈ 01-01-2005 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਖਿਡਾਰੀ ਵੱਲੋ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸਨਾਂ ਵਿੱਚੋ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਭਾਗ ਲਿਆ ਹੋਵੇ। ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਉੱਤੇ ਸਵੇਰੇ 8:00 ਵਜੇ ਰਜਿਸਟਰੇਸ਼ਨ ਲਈ ਸਬੰਧਤ ਗੇਮਾਂ ਦੇ ਸਥਾਨਾਂ ’ਤੇ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਦਫ਼ਤਰ, ਜ਼ਿਲ੍ਹਾ ਖੇਡ ਅਫ਼ਸਰ, ਗੁਰਦਾਸਪੁਰ ਤੋਂ ਮੁਫ਼ਤ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਆਪਣਾ ਜਨਮ ਮਿਤੀ ਦਾ ਅਸਲ ਸਰਟੀਫਿਕੇਟ, ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਅਤੇ 2 ਤਾਜਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋ ਕੋਈ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ।