ਗੁਰਦਾਸਪੁਰ

ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਰਬੀਰ ਕੌਰ ਕਿਸਾਨਾਂ ਲਈ ਬਣੀ ਹੈ ਪ੍ਰੇਰਨਾ ਸਰੋਤ

ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਰਬੀਰ ਕੌਰ ਕਿਸਾਨਾਂ ਲਈ ਬਣੀ ਹੈ ਪ੍ਰੇਰਨਾ ਸਰੋਤ
  • PublishedMay 21, 2023

ਬੀਬੀ ਕੰਵਰਬੀਰ ਕੌਰ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਕਰਦੇ ਹਨ ਅਗਲੀਆਂ ਫਸਲਾਂ ਦੀ ਕਾਸ਼ਤ

ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਦੀ ਕਰ ਰਹੇ ਹਨ ਬਚਤ

ਗੁਰਦਾਸਪੁਰ, 21 ਮਈ 2023 (ਦੀ ਪੰਜਾਬ ਵਾਇਰ )। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਲਬੀਰ ਕੌਰ ਪਿਛਲੇ ਕਈ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਬਿਜਾਈ ਕਰ ਰਹੀ ਹੈ। ਬੀਬੀ ਕੰਵਰਬੀਰ ਕੌਰ ਦਾ ਇਹ ਉਪਰਾਲਾ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਸ੍ਰੋਤ ਬਣਿਆ ਹੈ।

ਕਿਸਾਨ ਬੀਬੀ ਕੰਵਰਬੀਰ ਕੌਰ ਦੱਸਦੇ ਹਨ ਕਿ 2002 ਵਿੱਚ ਉਨ੍ਹਾਂ ਦੇ ਪਤੀ ਸਰਦਾਰ ਨਰਿੰਦਰ ਸਿੰਘ ਛੀਨਾ ਦੀ ਮੌਤ ਹੋ ਗਈ ਸੀ ਅਤੇ ਘਰ ਦੀ ਸਾਰੀ ਜਿੰਮੇਵਾਰੀ ਉਸ ਉੱਪਰ ਆਣ ਪਈ। ਉਹ ਦੱਸਦੇ ਹਨ ਕਿ ਆਪਣੀ ਪਤੀ ਦੀ ਮੌਤ ਤੋਂ ਬਾਅਦ ਜਿਥੇ ਉਸ ਨੇ ਹੋਰ ਸਮਾਜਿਕ ਅਤੇ ਪਰਿਵਾਰਕ ਜਿੰਮੇਵਾਰੀਆਂ ਖੁਦ ਸੰਭਾਲੀਆਂ ਓਥੇ ਉਹ ਆਪਣੇ ਹੱਥੀ ਖੇਤੀ ਵੀ ਕਰਨ ਲੱਗੇ।

ਬੀਬੀ ਕੰਵਰਬੀਰ ਕੌਰ ਦੱਸਦੇ ਹਨ ਕਿ ਪਿੰਡ ਆਲੇਚੱਕ ਵਿੱਚ ਉਸਦੀ 12 ਏਕੜ ਦੀ ਖੇਤੀ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਫਸਲੀ ਰਹਿੰਦ ਖੂੰਹਦ ਦਾ ਨਿਪਟਾਰਾ ਬਿਨ੍ਹਾਂ ਅੱਗ ਲਗਾਏ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਕਰਦੇ ਹਨ ਤਾਂ ਕਿ ਪਾਣੀ ਦੀ ਬਚਤ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਉਹ ਤਕਰੀਬਨ 10 ਏਕੜ ਝੋਨੇ ਦੀ ਪੀ.ਆਰ. 129 ਕਿਸਮ ਵੱਟਾਂ ਉੱਪਰ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨੀਆਂ ਦੀ ਸਲਾਹ ਨੂੰ ਆਪਣੇ ਖੇਤਾਂ ਵਿੱਚ ਲਾਗੂ ਕਰਦੀ ਹੈ ਜਿਸਦੇ ਉਸਨੂੰ ਹਾਂ-ਪੱਖੀ ਨਤੀਜੇ ਵੀ ਮਿਲਦੇ ਹਨ।

ਉਸਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਕਾਸ਼ਤ ਕਰਨ। ਉਨ੍ਹਾਂ ਨਾਲ ਹੀ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਧਰਤ ਹੇਠਲੇ ਪਾਣੀ ਦੀ ਬਚਤ ਹੋ ਸਕੇ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਝਾੜ ਪੂਰਾ ਨਿਕਲਦਾ ਹੈ।

Written By
The Punjab Wire