ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਬਣਨ ਵਾਲੇ ਪੁੱਲ ਦੀਆਂ ਡਰਾਇੰਗਾਂ ਤਿਆਰ, ਸਬੰਧਤ ਵਿਭਾਗਾਂ ਕੋਲੋਂ ਮਨਜ਼ੂਰੀਆਂ ਵੀ ਲਈਆਂ
ਰਾਵੀ ਦਰਿਆ ਤੋਂ ਪਾਰਲੇ ਇਲਾਕੇ ਵਿੱਚ ਮੋਬਾਇਲ ਨੈਟਵਰਕ ਦੀ ਸਹੂਲਤ ਲਈ ਲਗਾਏ ਜਾਣਗੇ ਮੋਬਾਇਲ ਟਾਵਰ
ਗੁਰਦਾਸਪੁਰ, 18 ਮਈ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਮਕੌੜਾ ਪੱਤਣ ਤੋਂ ਪਾਰ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬਲਜ ਏਰੀਏ ਦੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਸਬੰਧਤ ਵਿਭਾਗਾਂ ਕੋਲੋਂ ਰੀਪੋਰਟ ਲਈ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਕੌੜਾ ਪੱਤਣ ਤੋਂ ਪਾਰ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਜਲਦ ਹੀ ਰਾਵੀ ਦਰਿਆ ਉੱਪਰ ਪੁੱਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੁੱਲ ਦੀਆਂ ਡਰਾਇੰਗ ਬਣ ਕੇ ਤਿਆਰ ਹੋ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਵੀ ਮਨਜ਼ੂਰੀਆਂ ਲਗਭਗ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪੁੱਲ ਲਈ ਜ਼ਮੀਨ ਨੂੰ ਐਕਵਾਇਰ ਕਰਨ ਦਾ ਕੰਮ ਬਾਕੀ ਰਹਿ ਗਿਆ ਹੈ ਜੋ ਕਿ ਨਿਯਮਾਂ ਅਨੁਸਾਰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਹੋਣ ਤੋਂ ਬਾਅਦ ਪੁੱਲ ਦਾ ਟੈਂਡਰ ਲਗਾ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਰੋਜ਼ ਇਸ ਪੁੱਲ ਦੇ ਨਿਰਮਾਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਮਕੌੜਾ ਪੱਤਣ ਤੋਂ ਪਾਰ ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿੱਚ 100 ਫੀਸਦੀ ਮੋਬਾਇਲ ਨੈਟਵਰਕ ਪਹੁੰਚਾਉਣ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਰਿਲਾਇੰਸ ਕੰਪਨੀ ਵੱਲੋਂ ਬਲਜ ਏਰੀਏ ਵਿੱਚ ਸਰਵੇ ਕੀਤਾ ਜਾ ਰਿਹਾ ਹੈ ਜੋ 26 ਮਈ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਰਿਲਾਇੰਸ ਕੰਪਨੀ ਵੱਲੋਂ ਮਕੌੜਾ ਪੱਤਣ ਤੋਂ ਪਾਰ ਮੋਬਾਇਲ ਟਾਵਰ ਲਗਾਏ ਜਾਣਗੇ ਜਿਸ ਨਾਲ ਇਸ ਇਲਾਕੇ ਦੀ ਮੋਬਾਇਲ ਨੈਟਵਰਕ ਦੀ ਸਮੱਸਿਆ ਖਤਮ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਬਲਜ ਏਰੀਏ ਵਿੱਚ ਸੰਪਰਕ ਸੜਕਾਂ ਬਣਾਉਣ ਦਾ ਕੰਮ ਜਾਰੀ ਹੈ ਅਤੇ 40 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ 30 ਜੂਨ ਤੱਕ ਸੜਕਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਪੰਚਾਇਤ ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਰੀਵਿਊ ਵੀ ਕੀਤਾ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਐੱਸ.ਡੀ.ਐੱਮ. ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ, ਐਕਸੀਅਨ ਮੰਡੀ ਬੋਰਡ ਸ. ਬਲਦੇਵ ਸਿੰਘ ਬਾਜਵਾ, ਡਿਪਟੀ ਡੀ.ਈ.ਓ. ਸ. ਲਖਵਿੰਦਰ ਸਿੰਘ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਸ. ਲਵਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।