ਗੁਰਦਾਸਪੁਰ, 16 ਮਈ 2023 (ਦੀ ਪੰਜਾਬ ਵਾਇਰ ) । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਸ. ਮਨਮੋਹਨ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਗਊਸ਼ਾਲਾ ਕਲਾਨੌਰ ਨੂੰ ਵੱਧ ਤੋਂ ਵੱਧ ਤੂੜੀ ਦਾਨ ਕਰਨ ਤਾਂ ਜੋ ਗਊਵੰਸ਼ ਲਈ ਸੁੱਕਾ ਚਾਰਾ ਭੰਡਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਲਾਨੌਰ ਦੀ ਸਰਕਾਰੀ ਗਊਸ਼ਾਲਾ ਵਿੱਚ ਮੌਜੂਦਾ ਸਮੇਂ 480 ਗਊਵੰਸ਼ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹਰ ਰੋਜ਼ ਤਕਰੀਬਨ 115 ਕੁਇੰਟਲ ਹਰਾ ਚਾਰਾ ਅਤੇ 25 ਕੁਇੰਟਲ ਤੂੜੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸੁੱਕੇ ਚਾਰੇ ਵਜੋਂ ਤੂੜੀ ਦਾ ਵੱਡਾ ਭੰਡਾਰਨ ਕਰਨਾ ਪੈਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਸ. ਮਨਮੋਹਨ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਊਸ਼ਾਲਾ ਕਲਾਨੌਰ ਲਈ ਆਪਣੇ ਵੱਲੋਂ ਤੂੜੀ ਜਰੂਰ ਦਾਨ ਕਰਨ ਤਾਂ ਜੋ ਗਊਵੰਸ਼ ਨੂੰ ਸੁੱਕੇ ਚਾਰੇ ਦੀ ਕੋਈ ਥੋੜ ਨਾ ਆਵੇ। ਉਨ੍ਹਾਂ ਕਿਹਾ ਕਿ ਗਊਵੰਸ਼ ਦੀ ਸੇਵਾ ਕਰਨੀ ਸਾਡੀ ਪਰੰਪਰਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਉੱਪਰ ਘੁੰਮਣ ਵਾਲੇ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਲਿਜਾ ਕੇ ਉਨ੍ਹਾਂ ਦੀ ਬਹੁਤ ਵਧੀਆ ਢੰਗ ਨਾਲ ਸੇਵਾ ਕੀਤੀ ਜਾ ਰਹੀ ਹੈ, ਜਿਸ ਨਾਲ ਜਿਥੇ ਪਸ਼ੂਆਂ ਉੱਪਰ ਅੱਤਿਆਚਾਰ ਰੁਕੇ ਹਨ ਓਥੇ ਸੜਕੀ ਹਾਦਸਿਆਂ ਉੱਪਰ ਵੀ ਰੋਕ ਲੱਗੀ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁਝ ਕਿਸਾਨ ਸਰਕਾਰੀ ਗਊਸ਼ਾਲਾ ਕਲਾਨੌਰ ਲਈ ਤੂੜੀ ਦਾਨ ਕਰਨ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਵੱਲੋਂ ਤੂੜੀ ਦੀਆਂ ਕੁਝ ਟਰਾਲੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਸਾਲ ਦੇ ਸੁੱਕੇ ਚਾਰੇ ਵਜੋਂ ਤੂੜੀ ਦੀ ਲੋੜ ਬਹੁਤ ਜਿਆਦਾ ਹੈ ਇਸ ਲਈ ਹੋਰ ਕਿਸਾਨਾਂ ਨੂੰ ਵੀ ਤੂੜੀ ਦਾਨ ਕਰਨ ਦੀ ਸੇਵਾ ਵਿੱਚ ਅੱਗੇ ਆਉਣਾ ਚਾਹੀਦਾ ਹੈ। ਓਧਰ ਇਸਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੂੜੀ ਦਾਨ ਕਰਨ ਵਾਲੇ ਕਿਸਾਨਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਹੈ।