ਜ਼ਿਲ੍ਹਾ ਵਾਸੀ ਐੱਸ.ਪੀ.ਸੀ.ਏ. ਦੇ ਲਾਈਫ ਟਾਈਮ ਮੈਂਬਰ ਬਣ ਕੇ ਬੇਜ਼ੁਬਾਨੇ ਜਾਨਵਰਾਂ ਖਿਲਾਫ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ – ਏ.ਡੀ.ਸੀ.
ਗੁਰਦਾਸਪੁਰ, 15 ਮਈ 2023 (ਦੀ ਪੰਜਾਬ ਵਾਇਰ)। ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਧ ਬਾਮਬਾ ਦੀ ਪ੍ਰਧਾਨਗੀ ਹੇਠ ਐੱਸ.ਪੀ.ਸੀ.ਏ. (ਸੁਸਾਇਟੀ ਫਾਰ ਪਰਵੈਂਨਸ਼ਨ ਟੂ ਕਰਿਊਲਟੀ ਅਗੈਂਸਟ ਐਨੀਮਲ) ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜਾਨਵਰਾਂ ’ਤੇ ਅੱਤਿਆਚਾਰ ਕੀਤਾ ਜਾਂਦਾ ਹੈ, ਜਿਵੇਂ ਕਿ ਕੁੱਕੜਾਂ ਦੀ ਲੜਾਈ, ਕੁੱਤਿਆਂ ਦੀ ਲੜਾਈ, ਕਿਸੇ ਜਾਨਵਰ ਤੋਂ ਜਿਆਦਾ ਕੰਮ ਲੈਣਾ, ਗਊਧਨ ਦੀ ਹੱਤਿਆ ਆਦਿ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪੱਧਰੀ ਐੱਸ.ਪੀ.ਸੀ.ਏ. ਕਮੇਟੀ ਸੰਨ 1998 ਤੋਂ ਜਾਨਵਰਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹਨ। ਉਨ੍ਹਾਂ ਕਿਹਾ ਕਿ ਇਸ ਸੋਸਾਇਟੀ ਦਾ ਮੁੱਖ ਉਦੇਸ਼ ਜਾਨਵਰਾਂ ਖਿਲਾਫ ਹੁੰਦੇ ਅੱਤਿਆਚਾਰਾਂ ਨੂੰ ਰੋਕਣਾ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਐੱਸ.ਪੀ.ਸੀ.ਏ ਦੇ ਕਾਰਜਾਂ ਬਾਰੇ ਸਮਝਾਉਦੇ ਹੋਏ ਸਮੂਹ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ ਜੁੜੇ ਹੋਏ ਸਮਾਜ ਸੇਵਕਾਂ ਅਤੇ ਬੁੱਧੀਜੀਵੀ ਲੋਕਾਂ ਨੂੰ ਐੱਸ.ਪੀ.ਸੀ.ਏ ਬਾਰੇ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਐੱਸ.ਪੀ.ਸੀ.ਏ ਦਾ ਮੈਂਬਰ ਬਣਨ ਲਈ ਪ੍ਰੇਰਤ ਕਰਨ। ਉਨ੍ਹਾਂ ਦੱਸਿਆ ਕਿ ਐੱਸ.ਪੀ.ਸੀ.ਏ. (ਸੁਸਾਇਟੀ ਫਾਰ ਪਰਵੈਂਨਸ਼ਨ ਟੂ ਕਰਿਊਲਟੀ ਅਗੈਂਸਟ ਐਨੀਮਲ) ਦੀ ਜੀਵਨ ਭਰ ਮੈਬਰਸ਼ੀਪ ਕੋਈ ਵੀ ਇਨਸਾਨ 10,000 ਰੁਪਏ ਦੇ ਲੈ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਐੱਸ.ਪੀ.ਸੀ.ਏ. ਦੇ ਲਾਈਫ ਟਾਈਮ ਮੈਂਬਰ ਬਣ ਕੇ ਬੇਜ਼ੁਬਾਨੇ ਜਾਨਵਰਾਂ ਖਿਲਾਫ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਜਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ੍ਰੀ ਸਤੀਸ਼ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਸ. ਕਿਰਪਾਲ ਸਿੰਘ ਢਿਲੋਂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸ਼ਾਮ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਗੁਰਦਾਸਪੁਰ ਸ. ਤਜਿੰਦਰ ਸਿੰਘ ਬਾਜਵਾ, ਈ.ਟੀ.ਓ ਗੁਰਦਾਸਪੁਰ ਅਤੇ ਸਮੂਹ ਕਾਰਜ ਸਾਧਕ ਅਫ਼ਸਰ ਹਾਜ਼ਰ ਸਨ।