ਟਰੱਸਟ ਨੇ ਆਪਣੀ ਗਲਤੀ ਮੰਨ ਕੇ ਇਮਾਰਤ ਦੇ ਪੁਰਾਤਨ ਢਾਂਚੇ ਨੂੰ ਬਿਲਕੁਲ ਨੁਕਸਾਨ ਨਾ ਪਹੁੰਚਾਉਣ ਦਾ ਭਰੋਸਾ ਦਿੱਤਾ
ਢਾਹੀਆਂ ਗਈਆਂ ਕੰਧਾਂ ਦੀ ਮੁਰੰਮਤ ਕਰਕੇ ਦੁਬਾਰਾ ਪੁਰਾਤਨ ਦਿੱਖ ਦਿੱਤੀ ਜਾਵੇਗੀ
ਵਿਰਾਸਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਮਸਲੇ ’ਚ ਤੁਰੰਤ ਦਖਲ ਦੇਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕੀਤਾ
ਸ੍ਰੀ ਹਰਗੋਬਿੰਦਪੁਰ/ਬਟਾਲਾ, 10 ਮਈ 2023 (ਦੀ ਪੰਜਾਬ ਵਾਇਰ)। ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਥਿਤ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ ਨੂੰ ਢਾਹੇ ਜਾਣ ਦਾ ਮਸਲਾ ਬੀਤੀ ਸ਼ਾਮ ਹੱਲ ਹੋ ਗਿਆ ਹੈ। ਇਸ ਵਿਰਾਸਤੀ ਇਮਾਰਤ ਦੀ ਸੰਭਾਲ ਕਰਨ ਵਾਲੀ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਅੰਮ੍ਰਿਤਸਰ ਵੱਲੋਂ ਆਪਣੀ ਗਲਤੀ ਮੰਨ ਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਮਾਰਤ ਦੇ ਪੁਰਾਤਨ ਢਾਂਚੇ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਉਣਗੇ ਅਤੇ ਜਿਹੜੀਆਂ ਕੰਧਾਂ ਢਾਹੀਆਂ ਗਈਆਂ ਹਨ ਉਨ੍ਹਾਂ ਦੀ ਮੁਰੰਮਤ ਕਰਕੇ ਦੁਬਾਰਾ ਪੁਰਾਤਨ ਦਿੱਖ ਦਿੱਤੀ ਜਾਵੇਗੀ।
ਕੱਲ ਬਾਅਦ ਦੁਪਹਿਰ ਸਬ ਤਹਿਸੀਲ ਦਫ਼ਤਰ ਸ੍ਰੀ ਹਰਗੋਬਿੰਦਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਵਿਰਾਸਤੀ ਮੰਚ ਬਟਾਲਾ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸ਼ਨ ਬਟਾਲਾ, ਸਾਹਿਲ-ਏ-ਬਿਆਸ ਖੇਡ ਤੇ ਸੱਭਿਆਚਾਰਕ ਸੁਸਾਇਟੀ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਇੰਟੈਕ ਅੰਮ੍ਰਿਤਸਰ ਚੈਪਟਰ ਦੇ ਨੁਮਾਇੰਦਿਆਂ ਦੀ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਅੰਮ੍ਰਿਤਸਰ ਦੇ ਅਹੁਦੇਦਾਰਾਂ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਨਿਵਾਸ ਸਥਾਨ ਨੂੰ ਢਾਹੇ ਜਾਣ ਦਾ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਅਤੇ ਸੇਵਾ ਕਰ ਰਹੀ ਟਰੱਸਟ ਦੇ ਆਗੂਆਂ ਨੇ ਆਪਣੀ ਗਲਤੀ ਮੰਨ ਕੇ ਸੰਗਤ ਨੂੰ ਭਰੋਸਾ ਦਿੱਤਾ ਕਿ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਪੁਰਾਤਨ ਢਾਂਚੇ ਨੂੰ ਢਾਹਿਆ ਨਹੀਂ ਜਾਵੇਗਾ ਸਗੋਂ ਉਸਦੀ ਸੰਭਾਲ ਕੀਤੀ ਜਾਵੇਗੀ। ਟਰੱਸਟ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਇਥੇ ਬਣੇ ਹਾਲ ਵਿੱਚ ਮਊਜ਼ੀਅਮ ਵੀ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਨਾਲ ਸਬੰਧਤ ਵਸਤਾਂ ਦੀ ਨੁਮਾਇਸ਼ ਕੀਤੀ ਜਾਵੇਗੀ।
ਵਿਰਾਸਤੀ ਮੰਚ ਬਟਾਲਾ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸ਼ਨ ਬਟਾਲਾ, ਸਾਹਿਲ-ਏ-ਬਿਆਸ ਖੇਡ ਤੇ ਸੱਭਿਆਚਾਰਕ ਸੁਸਾਇਟੀ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਇੰਟੈਕ ਅੰਮ੍ਰਿਤਸਰ ਚੈਪਟਰ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਇਤਿਹਾਸ ਦੇ ਮਹਾਨ ਯੋਧੇ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਨਿਵਾਸ ਸਥਾਨ ਨੂੰ ਢਾਹੇ ਜਾਣ ਤੋਂ ਬਚਾਏ ਜਾਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਚੁੱਕੇ ਗਏ ਫੌਰੀ ਕਦਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਤੁਰੰਤ ਦਖਲ ਦੇਣ ਕਾਰਨ ਇਹ ਵਿਰਾਸਤ ਢਹਿਣ ਤੋਂ ਬਚ ਗਈ ਹੈ।
ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਇੰਦਰਜੀਤ ਸਿੰਘ ਹਰਪੁਰਾ, ਪ੍ਰਧਾਨ ਗੁਰਦਰਸ਼ਨ ਸਿੰਘ, ਸੁਖਦੇਵ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਮੱਲੀ, ਕੁਲਵਿੰਦਰ ਸਿੰਘ ਲਾਡੀ ਜੱਸਲ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਰਾਜਪ੍ਰੀਤ ਸਿੰਘ ਢਿਲੋਂ, ਸਰਪੰਚ ਭੁਪਿੰਦਰ ਸਿੰਘ ਮਾੜੀ ਪੰਨਵਾਂ, ਅਨੁਰਾਗ ਮਹਿਤਾ, ਵਰਿੰਦਰ ਸਿੰਘ ਅੰਮੋਨੰਗਲ, ਨਿਰਗੁਨ ਸਿੰਘ, ਗੁਰਮੀਤ ਸਿੰਘ, ਓਂਕਾਰ ਸਿੰਘ, ਨਿਰਵੈਰ ਸਿੰਘ, ਰਜਿੰਦਰ ਸਿੰਘ, ਰਣਧੀਰ ਸਿੰਘ, ਦਲਜੀਤ ਸਿੰਘ ਬਮਰਾਹ, ਸਾਜਨਪ੍ਰੀਤ ਸਿੰਘ, ਰਛਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।