ਗੁਰਦਾਸਪੁਰ ਪੰਜਾਬ

ਸਿਆਸੀ ਦੁਸ਼ਮਣੀ ਕਾਰਨ ਮੇਰੇ ਪਿਤਾ ਦਾ ਨਾਂ ਕਤਲ ਕੇਸ ਵਿੱਚ ਸ਼ਾਮਲ ਕੀਤਾ ਗਿਆ- ਵਿਧਾਇਕ ਬਰਿੰਦਰਮੀਤ ਪਹਾੜਾ

ਸਿਆਸੀ ਦੁਸ਼ਮਣੀ ਕਾਰਨ ਮੇਰੇ ਪਿਤਾ ਦਾ ਨਾਂ ਕਤਲ ਕੇਸ ਵਿੱਚ ਸ਼ਾਮਲ ਕੀਤਾ ਗਿਆ- ਵਿਧਾਇਕ ਬਰਿੰਦਰਮੀਤ ਪਹਾੜਾ
  • PublishedMay 9, 2023

ਗੁਰਦਾਸਪੁਰ, 9 ਮਈ 2023 (ਦੀ ਪੰਜਾਬ ਵਾਇਰ)। ਥਾਣਾ ਤਿੱਬੜ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਹਲਕੇ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਸਮੇਤ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ‘ਤੇ ਵਿਧਾਇਕ ਬਰਿੰਦਰਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਸਿਆਸੀ ਦਬਾਅ ਹੇਠ ਦਰਜ ਕੀਤਾ ਗਿਆ ਹੈ।

ਵਿਧਾਇਕ ਅਤੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਜਲੰਧਰ ਲੋਕ ਸਭਾ ਸੀਟ ਤੋਂ ਹੋ ਰਹੀ ਜ਼ਿਮਨੀ ਚੋਣ ਦੌਰਾਨ ਪਾਰਟੀ ਵੱਲੋਂ ਉਨ੍ਹਾਂ ਨੂੰ ਨਕੋਦਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਜਿਸ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਪਿਤਾ ਅਤੇ ਦੋ ਭਰਾਵਾਂ ਨਾਲ ਨਕੋਦਰ ਹਲਕੇ ਵਿੱਚ ਪਾਰਟੀ ਉਮੀਦਵਾਰ ਦੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਸਨ। ਸੋਮਵਾਰ ਰਾਤ ਕਰੀਬ 12 ਵਜੇ ਉਸ ਦੇ ਪਿਤਾ ਘਰ ਵਾਪਸ ਆਏ। ਜਦੋਂਕਿ ਪੁਲਿਸ ਵੱਲੋਂ ਸਿਆਸੀ ਦਬਾਅ ਹੇਠ ਉਸ ਦੇ ਪਿਤਾ ਖ਼ਿਲਾਫ਼ ਕਤਲ ਦਾ ਝੂਠਾ ਕੇਸ ਦਰਜ ਕੀਤਾ ਗਿਆ।

ਪਾਹੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਸਿਵਲ ਹਸਪਤਾਲ ‘ਚ ਇਲਾਜ ਅਧੀਨ ਨਸ਼ੇੜੀਆਂ ਦੀ ਸੂਚੀ ‘ਚ ਉਸ ਦਾ ਨਾਂ ਦਰਜ ਹੈ। ਜਿਸ ਦੀ ਬੀਤੇ ਦਿਨ ਹੋਈ ਮੌਤ ਤੋਂ ਬਾਅਦ ਉਸ ਕੋਲੋਂ ਨਸ਼ੀਲੇ ਟੀਕੇ ਬਰਾਮਦ ਹੋਏ ਹਨ। ਜਿਸ ਸਬੰਧੀ ਪ੍ਰਮਾਨ ਉਨ੍ਹਾਂ ਕੋਲ ਮੌਜੂਦ ਹਨ। ਇਸ ਦੇ ਬਾਵਜੂਦ ਪੁਲੀਸ ਨੇ ਬਿਨਾਂ ਕਿਸੇ ਸਬੂਤ ਦੇ ਉਸ ਦੇ ਪਿਤਾ ਦਾ ਨਾਂ ਪਰਚੇ ਵਿੱਚ ਸ਼ਾਮਲ ਕਰ ਲਿਆ। ਉਨ੍ਹਾਂ ਕਿਹਾ ਕਿ ਜਲੰਧਰ ਚੋਣਾਂ ਤੋਂ ਬਾਅਦ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ ਅਤੇ ਜਲਦੀ ਹੀ ਇੱਕ ਸਾਰੇ ਸਬੂਤਾਂ ਸਮੇਤ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

Written By
The Punjab Wire