ਇਹ ਪੰਘੂੜਾ ਅਣਚਾਹੇ, ਲਵਾਰਿਸ ਨਵਜਾਤ ਬੱਚਿਆਂ ਲਈ ਜ਼ਿੰਦਗੀ ਦੀ ਨਵੀਂ ਕਿਰਨ ਸਾਬਤ ਹੋਵੇਗਾ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 2 ਮਈ 2023 ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਨਿਵੇਕਲੀ ਪਹਿਲਕਦਮੀ ਕਰਦਿਆਂ ਗੁਰਦਾਸਪੁਰ ਸ਼ਹਿਰ ਵਿੱਚ ‘ਕਿਲਕਾਰੀ’ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਕਿਲਕਾਰੀ ਪ੍ਰੋਜੈਕਟ ਤਹਿਤ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਬਾਲ ਭਵਨ ਦੇ ਬਾਹਰ ਅਣਚਾਹੇ/ਲਵਾਰਿਸ ਨਵਜਾਤ ਬੱਚਿਆਂ ਲਈ ਇੱਕ ਪੰਘੂੜਾ ਸਥਾਪਤ ਕੀਤਾ ਗਿਆ ਹੈ ਜਿਸਦਾ ਉਦਘਾਟਨ ਅੱਜ ਸਵੇਰੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੀਤਾ ਗਿਆ।
ਕਿਲਕਾਰੀ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਪੰਘੂੜਾ ਅਣਚਾਹੇ, ਲਵਾਰਿਸ ਨਵਜਾਤ ਬੱਚਿਆਂ ਲਈ ਜ਼ਿੰਦਗੀ ਦੀ ਨਵੀਂ ਕਿਰਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪੰਘੂੜਾ ਲਗਾਉਣ ਦਾ ਮਕਸਦ ਅਣਚਾਹੇ/ਲਵਾਰਿਸ ਬੱਚਿਆਂ ਨੂੰ ਨਵਾਂ ਜੀਵਨ ਦੇਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਡੇ ਸਮਾਜ ਵਿੱਚ ਲੜਕੇ/ਲੜਕੀ ਦਾ ਵਿਤਕਰਾ ਪੂਰੀ ਤਰਾਂ ਖਤਮ ਹੋ ਜਾਵੇ ਅਤੇ ਜਨਮ ਲੈਣ ਵਾਲੇ ਹਰ ਬੱਚੇ ਨੂੰ ਆਪਣੇ ਮਾਂ-ਬਾਪ ਦਾ ਪਿਆਰ ਮਿਲੇ, ਪਰ ਫਿਰ ਵੀ ਜੇਕਰ ਕੋਈ ਵਿਅਕਤੀ/ਮਾਂ-ਬਾਪ ਆਪਣੇ ਨਵਜਾਤ ਬੱਚੇ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਬੱਚੇ ਨੂੰ ਏਧਰ-ਓਧਰ ਸੁੱਟਣ ਜਾਂ ਮਾਰਨ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪੰਗੂੜੇ ਵਿੱਚ ਉਸ ਬੱਚੇ ਨੂੰ ਪਾ ਜਾਵੇ। ਉਨ੍ਹਾਂ ਕਿਹਾ ਕਿ ਉਸ ਬੱਚੇ ਦੀ ਪਰਵਰਿਸ਼ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਪੰਘੂੜਾ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਹ ਅਜਿਹੀ ਥਾਂ ਸਥਾਪਤ ਕੀਤਾ ਗਿਆ ਹੈ ਜਿਥੇ ਬਿਨ੍ਹਾਂ ਕਿਸੇ ਦੀ ਨਜ਼ਰ ਹੇਠ ਆਏ ਨਵਜਾਤ ਬੱਚਾ ਛੱਡਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਬੱਚਾ ਪੰਗੂੜੇ ਦੇ ਵਿੱਚ ਆਵੇਗਾ ਤਾਂ ਬਾਲ ਭਵਨ ਵਿੱਚ 24 ਘੰਟੇ ਚੱਲ ਰਹੇ ਚਾਈਲਡ ਹੈਲਪ ਲਾਈਨ ਦੇ ਕਰਮਚਾਰੀਆਂ ਨੂੰ ਅਲਾਰਮ ਦੇ ਰਾਹੀਂ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚੇ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਉਸਨੂੰ 24 ਘੰਟੇ ਦੇ ਅੰਦਰ-ਅੰਦਰ ਨਾਰੀ ਨਿਕੇਤਨ ਜਲੰਧਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ 6 ਮਹੀਨੇ ਦੇ ਅੰਦਰ-ਅੰਦਰ ਜੇਕਰ ਮਾਂ-ਬਾਪ ਦਾ ਮਨ ਬਦਲ ਜਾਂਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਆਪਣਾ ਬੱਚਾ ਵਾਪਸ ਪ੍ਰਾਪਤ ਕਰ ਸਕਦਾ ਹੈ ਨਹੀਂ ਤਾਂ ਇਸਤੋਂ ਬਾਅਦ ਬੱਚੇ ਨੂੰ ਕਾਨੂੰਨ ਅਨੁਸਾਰ ਲੋੜੀਂਦੀ ਪ੍ਰੀਕ੍ਰਿਆ ਪੂਰੀ ਕਰਕੇ ਕਿਸੇ ਨੂੰ ਗੋਦ ਦਿੱਤਾ ਜਾ ਸਕਦਾ ਹੈ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਬੱਚੇ ਰੱਬ ਦਾ ਰੂਪ ਹਨ ਅਤੇ ਇਹ ਸਾਡਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਾਪੇ ਨੂੰ ਆਪਣੇ ਬੱਚੇ ਦੇ ਪਾਲਣ-ਪੋਸਣ ਵਿੱਚ ਕੋਈ ਮੁਸਕਲ ਆ ਰਹੀ ਹੈ ਜਾਂ ਬਿਮਾਰੀ ਦੀ ਹਾਲਤ ਵਿੱਚ ਉਸਦਾ ਇਲਾਜ ਨਹੀਂ ਕਰਵਾ ਪਾ ਰਹੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਨਿਰਸੰਕੋਚ ਸੰਪਰਕ ਕਰ ਸਕਦੇ ਹਨ। ਉਨ੍ਹਾਂ ਮਾਪਿਆਂ ਨੂੰ ਇਹ ਭਰੋਸਾ ਦਿੱਤਾ ਕਿ ਬਿਨ੍ਹਾਂ ਉਨ੍ਹਾਂ ਦਾ ਨਾਮ ਨਸ਼ਰ ਕੀਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਤਰਾਂ ਨਾਲ ਮਦਦ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੜਕੇ ਤੇ ਲੜਕੀਆਂ ਦੇ ਫਰਕ ਨੂੰ ਮਿਟਾ ਕੇ ਸਾਰਿਆਂ ਨੂੰ ਬਰਾਬਰ ਜਿਊਣ ਅਤੇ ਅੱਗੇ ਵੱਧਣ ਦੇ ਮੌਕੇ ਦੇਣ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਨੇ ਕਿਲਕਾਰੀ ਪ੍ਰੋਜੈਕਟ ਅਤੇ ਪੰਘੂੜੇ ਵਿੱਚ ਆਉਣ ਵਾਲੇ ਬੱਚਿਆਂ ਸੰਭਾਲ ਅਤੇ ਉਨ੍ਹਾਂ ਨੂੰ ਗੋਦ ਲੈਣ ਦੀ ਕਾਨੂੰਨੀ ਪ੍ਰੀਕ੍ਰਿਆ ਬਾਰੇ ਵਿਸਥਾਰ ਵਿੱਚ ਦੱਸਿਆ।ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਆਨਰੇਰੀ ਸਕੱਤਰ ਸ੍ਰੀ ਰੋਮੇਸ਼ ਮਹਾਜਨ ਨੇ ਭਰੋਸਾ ਦਿੱਤਾ ਕਿ ਚਾਈਲਡ ਹੈਲਪ ਲਾਈਨ ਵੱਲੋਂ ਇਸ ਪ੍ਰੋਜੈਕਟ ਨੂੰ ਪੂਰੀ ਕਾਮਯਾਬੀ ਨਾਲ ਚਲਾਇਆ ਜਾਵੇਗਾ ਅਤੇ ਉਨ੍ਹਾਂ ਦਾ ਸਟਾਫ਼ ਹਰ ਸਮੇਂ ਸੇਵਾਵਾਂ ਦੇਣ ਲਈ ਹਾਜ਼ਰ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਾਲ ਭਵਨ ਵਿਖੇ ਪੌਦੇ ਵੀ ਲਗਾਏ ਗਏ। ਇਸ ਮੌਕੇ ਸਮਾਜ ਸੇਵੀ ਸ੍ਰੀਮਤੀ ਨੀਲਮ ਮਹੰਤ, ਦਿਲਬਾਗ ਸਿੰਘ ਚੀਮਾ, ਮੈਡਮ ਸੁਖਬੀਰ ਕੌਰ, ਹੈਪੀ ਪਾਹੜਾ ਅਤੇ ਸ੍ਰੀ ਨੰਗਲੀ ਸਕੂਲ ਦੇ ਬੱਚੇ ਤੇ ਸਟਾਫ ਮੈਂਬਰ ਹਾਜ਼ਰ ਸਨ।