ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ
2 ਮਈ ਤੋਂ ਦਫ਼ਤਰ ਸਵੇਰੇ 7:30 ਤੋਂ ਦੁਪਹਿਰ 2.00 ਵਜੇ ਤੱਕ ਲੱਗਣਗੇ : ਡਿਪਟੀ ਕਮਿਸ਼ਨਰ
ਪੰਜਾਬ ਸਰਕਾਰ ਵੱਲੋਂ 2 ਮਈ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਸਬੰਧੀ ਪੱਤਰ ਜਾਰੀ
15 ਜੁਲਾਈ 2023 ਤੱਕ ਲਾਗੂ ਰਹਿਣਗੇ ਇਹ ਹੁਕਮ
ਜ਼ਿਲ੍ਹਾ ਵਾਸੀ ਬਦਲੇ ਸਮੇਂ ਅਨੁਸਾਰ ਹੀ ਦਫ਼ਤਰਾਂ ਵਿੱਚ ਆਪਣੇ ਕੰਮਾਂ-ਕਾਜਾਂ ਲਈ ਪਹੁੰਚ ਕਰਨ
ਗੁਰਦਾਸਪੁਰ, 30 ਅਪ੍ਰੈਲ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਸਾਰੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਣ ਜ਼ਿਲ੍ਹੇ ਦੇ ਸਮੁੱਚੇ ਪੰਜਾਬ ਸਰਕਾਰ ਦੇ ਅਦਾਰੇ 02 ਮਈ 2023 ਦਿਨ ਮੰਗਲਵਾਰ ਤੋਂ ਸਵੇਰੇ 07:30 ਵਜੇ ਤੋਂ ਦੁਪਹਿਰ 02:00 ਵਜੇ ਤੱਕ ਖੁੱਲਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਨਵੇਂ ਸਮੇਂ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਹੀ ਆਪਣੇ ਕੰਮਾਂ-ਕਾਜਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਇਹ ਸਮਾਂ ਸਾਰਣੀ 15 ਜੁਲਾਈ, 2023 ਤੱਕ ਲਾਗੂ ਰਹੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਬਦਲਿਆ ਨਵਾਂ ਸਮਾਂ ਪੰਜਾਬ ਦੇ ਸਮੂਹ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਇਕਸਾਰ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਦਫ਼ਤਰਾਂ ਵਿੱਚ ਬਿਹਤਰ ਤਾਲਮੇਲ ਅਤੇ ਨਿਯੰਤਰਣ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਤੇ ਜ਼ਿਲ੍ਹੇ ਦੇ ਦਫ਼ਤਰਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਅਧਿਕਾਰੀ ਅਤੇ ਕਰਮਚਾਰੀ ਸਹਿਯੋਗ ਦੇਣ ਅਤੇ ਨਵੇਂ ਸਮੇਂ ਦੀ ਪਾਲਣਾ ਕਰਨ।