ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਸਫਲਤਾ ਨਾਲ ਖੇਤੀ ਕਰ ਰਿਹਾ ਹੈ ਪਿੰਡ ਬੜੋਏ ਦਾ ਕਿਸਾਨ ਬਲਰਾਜ ਸਿੰਘ
ਗੁਰਦਾਸਪੁਰ, 29 ਅਪ੍ਰੈਲ 2022 (ਮੰਨਣ ਸੈਣੀ )। ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੇ ਪਿੰਡ ਬੜੋਏ ਦੇ ਕਿਸਾਨ ਬਲਰਾਜ ਸਿੰਘ ਪਿਛਲੇ ਤਿੰਨ ਸਾਲ ਤੋਂ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕਰਕੇ ਜਿਥੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਓਥੇ ਉਹ ਇਸ ਜਰੀਏ ਕਣਕ ਦਾ ਚੋਖਾ ਝਾੜ ਵੀ ਪ੍ਰਾਪਤ ਕਰ ਰਹੇ ਹਨ।
ਐੱਮ.ਐੱਸ.ਸੀ. ਕੰਪਿਊਟਰ ਸਾਇੰਸ ਵਿਸ਼ੇ ਵਿੱਚ ਉੱਚ ਤਾਲੀਮ ਜਾਫ਼ਤਾ ਕਿਸਾਨ ਬਲਰਾਜ ਸਿੰਘ ਕੋਲ 22 ਏਕੜ ਜ਼ਮੀਨ ਦੀ ਮਾਲਕੀ ਹੈ। ਉਸਨੇ ਬੀਤੇ ਸਾਲ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ 18 ਏਕੜ ਕਣਕ ਦੀ ਬਿਜਾਈ ਮਲਚਿੰਗ ਵਿਧੀ ਰਾਹੀਂ ਕੀਤੀ ਸੀ ਜਦਕਿ 2 ਏਕੜ ਉਸਨੇ ਸੁਪਰਸੀਡਰ ਜਰੀਏ ਬੀਜ਼ੇ ਸਨ। ਕਿਸਾਨ ਬਲਰਾਜ ਸਿੰਘ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਗਾਉਂਦੇ ਕਿਉਂਕਿ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਅਸਾਨੀ ਨਾਲ ਹੋ ਜਾਂਦੀ ਹੈ। ਇਸਦੇ ਨਾਲ ਹੀ ਉਸਨੇ ਦੇਸੀ ਅਤੇ ਆਰਗੈਨਿਕ ਗੁੜ ਲਗਾਉਣ ਦਾ ਯੂਨਿਟ ਵੀ ਲਗਾਇਆ ਹੋਇਆ ਜਿਸ ਤੋਂ ਉਹ ਵੱਖਰੇ ਤੌਰ ’ਤੇ ਆਮਦਨ ਕਮਾ ਰਿਹਾ ਹੈ। ਕਿਸਾਨ ਬਲਰਾਜ ਸਿੰਘ ਵੱਲੋਂ ਕੁਝ ਰਕਬੇ ਵਿੱਚ ਸਬਜ਼ੀਆਂ ਅਤੇ ਦਾਲਾਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ।
ਕਿਸਾਨ ਬਲਰਾਜ ਸਿੰਘ ਨੇ ਮਲਚਿੰਗ ਰਾਹੀਂ ਕੀਤੀ ਕਣਕ ਦੀ ਬਿਜਾਈ ਦੇ ਨਤੀਜੇ ਕਿਸਾਨਾਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿੱਚ ਉਸਨੇ ਮਲਚਿੰਗ ਰਾਹੀਂ ਬਿਜਾਈ ਕੀਤੀ ਸੀ ਉਨ੍ਹਾਂ ਖੇਤਾਂ ਵਿਚ ਮੀਂਹ ਹਨੇਰੀ ਦੇ ਬਾਵਜੂਦ ਵੀ ਉਸਦੀ ਕਣਕ ਦੀ ਫਸਲ ਬਿਲਕੁਲ ਨਹੀਂ ਡਿੱਗੀ। ਉਸਨੇ ਦੱਸਿਆ ਕਿ ਉਸਦਾ ਪ੍ਰਤੀ ਏਕੜ ਝਾੜ ਵੀ ਆਮ ਨਾਲੋਂ ਵੱਧ ਰਿਹਾ ਹੈ। ਬਲਰਾਜ ਸਿੰਘ ਦਾ ਕਹਿਣਾ ਹੈ ਕਿਸਾਨਾਂ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਮਲਚਿੰਗ ਵਿਧੀ ਰਾਹੀਂ ਅਸਾਨੀ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਨਾਲ ਝਾੜ ਵੀ ਵੱਧ ਨਿਕਲਦਾ ਹੈ। ਉਸਨੇ ਕਿਹਾ ਕਿ ਉਹ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਵੀ ਨਹੀਂ ਲਗਾਉਂਦੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਸਲੀ ਰਹਿੰਦ-ਖੂੰਹਦ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਵਾਤਾਵਰਨ ਪਲੀਤ ਹੁੰਦਾ ਹੈ ਓਥੇ ਜ਼ਮੀਨ ਦੇ ਉਪਜਾਊ ਤੱਤ ਵੀ ਸੜ ਕੇ ਸੁਆਹ ਹੋ ਜਾਂਦੇ ਹਨ।
ਕਿਸਾਨ ਬਲਰਾਜ ਸਿੰਘ ਦੇ ਖੇਤਾਂ ਵਿੱਚ ਮਲਚਿੰਗ ਵਿਧੀ ਰਾਹੀਂ ਤਿਆਰ ਹੋਈ ਕਣਕ ਦੀ ਫਸਲ ਦਾ ਜਾਇਜਾ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਸ. ਕ੍ਰਿਪਾਲ ਸਿੰਘ ਢਿਲੋਂ ਵਿਸ਼ੇਸ਼ ਤੌਰ ’ਤੇ ਉਸਦੇ ਖੇਤਾਂ ਵਿੱਚ ਪਹੁੰਚੇ। ਉਨ੍ਹਾਂ ਕਿਸਾਨ ਬਲਰਾਜ ਸਿੰਘ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਫਸਲਾਂ ਦੀ ਕੀਤੀ ਜਾ ਰਹੀ ਬਿਜਾਈ ਲਈ ਸ਼ਾਬਾਸ਼ੀ ਦਿੱਤੀ। ਉਨ੍ਹਾਂ ਕਿਹਾ ਕਿ ਬਲਰਾਜ ਸਿੰਘ ਤੋਂ ਸੇਧ ਲੈ ਕੇ ਹੋਰ ਕਿਸਾਨ ਵੀ ਆਪਣੇ ਖੇਤਾਂ ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਸਫਲ ਕਾਸ਼ਤ ਕਰ ਸਕਦੇ ਹਨ।