ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਗਨ ਜਾਰੀ
ਰਾਜ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਹੁਣ ਤੱਕ 765.16 ਕਰੋੜ ਰੁਪਏ ਦੀ ਅਦਾਇਗੀ ਕੀਤੀ
ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਵਧੀਆ ਪ੍ਰਬੰਧਾਂ ਅਤੇ ਨਾਲੋ-ਨਾਲ ਹੋ ਰਹੀ ਪੇਮੈਂਟ ਤੋਂ ਕਿਸਾਨ ਬਾਗੋਬਾਗ
ਗੁਰਦਾਸਪੁਰ, 28 ਅਪ੍ਰੈਲ ( ਮੰਨਣ ਸੈਣੀ)। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ। ਇਸ ਵਾਰ ਜਿਥੇ ਮੰਡੀਆਂ ਵਿੱਚ ਕਣਕ ਦੀ ਖਰੀਦ ਬਿਨ੍ਹਾਂ ਕਿਸੇ ਦੇਰੀ ਹੋ ਰਹੀ ਹੈ ਓਥੇ 48 ਘੰਟੇ ਦੇ ਅੰਦਰ-ਅੰਦਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੇਮੈਂਟ ਵੀ ਆ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ 403298 ਮੀਟ੍ਰਿਕ ਟਨ ਖਣਕ ਦੀ ਫਸਲ ਵੱਖ-ਵੱਖ ਮੰਡੀਆਂ ਵਿੱਚ ਵਿਕਣ ਲਈ ਆਈ ਸੀ ਜਿਸ ਵਿੱਚੋਂ 395984 ਮੀਟ੍ਰਿਕ ਟਨ ਫਸਲ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਲਈ ਗਈ ਹੈ। ਏਜੰਸੀ ਵਾਈਜ ਬਿਓਰਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 121009 ਮੀਟਰਕ ਟਨ, ਮਾਰਕਫੈੱਡ ਵੱਲੋਂ 96551 ਮੀਟਰਕ ਟਨ, ਪਨਸਪ ਵੱਲੋਂ 90317 ਮੀਟਰਕ ਟਨ, ਵੇਅਰ ਹਾਊਸ ਵੱਲੋਂ 77007 ਮੀਟਰਕ ਟਨ ਅਤੇ ਐੱਫ.ਸੀ.ਆਈ ਵੱਲੋਂ 11100 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖਰੀਦੀ ਗਈ ਕਣਕ ਦੀ ਪੇਮੈਂਟ ਕਿਸਾਨਾਂ ਨੂੰ 48 ਘੰਟੇ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੇ ਕਿਸਾਨਾਂ ਦੇ ਬੈਂਕ ਖਾਤਿਆਂ 765.16 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ ਜੋ ਕਿ 85 ਫੀਸਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਰਹਿੰਦੀ ਅਦਾਇਗੀ ਵੀ 48 ਘੰਟੇ ਦੇ ਅੰਦਰ ਕਿਸਾਨਾਂ ਨੂੰ ਕਰ ਦਿੱਤੀ ਜਾਵੇਗੀ।
ਪਿੰਡ ਸ਼ੇਖੁਪੁਰਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਗਜਨੀਪੁਰ ਫੋਕਲ ਪੁਆਇੰਟ ਵਿਖੇ ਆਪਣੀ ਕਣਕ ਦੀ ਫਸਲ ਵੇਚੀ ਸੀ ਅਤੇ ਉਸਨੂੰ ਮੰਡੀ ਵਿੱਚ ਕਿਸੇ ਪ੍ਰਕਾਰ ਦੀ ਮੁਸਕਲ ਨਹੀਂ ਆਈ। ਉਸਨੇ ਦੱਸਿਆ ਕਿ ਕਣਕ ਦੀ ਪੇਮੈਂਟ ਵੀ ਉਸਨੂੰ 36 ਘੰਟੇ ਬਾਅਦ ਹੀ ਬੈਂਕ ਖਾਤੇ ਵਿੱਚ ਆ ਗਈ ਸੀ। ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਜੋ ਪ੍ਰਬੰਧ ਕੀਤੇ ਗਏ ਹਨ ਉਹ ਬਹੁਤ ਵਧੀਆ ਹਨ ਅਤੇ ਕਿਸਾਨ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖਰੀਦ ਤੋਂ ਪੂਰੀ ਤਰਾਂ ਬਾਗੋਬਾਗ ਹਨ।