ਗੁਰਦਾਸਪੁਰ

ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਐੱਮ. ਵੈਂਕਟੇਸ਼ਨ ਨੇ ਗੁਰਦਾਸਪੁਰ ਪਹੁੰਚ ਕੇ ਸਫ਼ਾਈ ਕਰਮੀਆਂ ਦੀਆਂ ਮੁਸ਼ਕਲਾਂ ਸੁਣੀਆਂ

ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਐੱਮ. ਵੈਂਕਟੇਸ਼ਨ ਨੇ ਗੁਰਦਾਸਪੁਰ ਪਹੁੰਚ ਕੇ ਸਫ਼ਾਈ ਕਰਮੀਆਂ ਦੀਆਂ ਮੁਸ਼ਕਲਾਂ ਸੁਣੀਆਂ
  • PublishedApril 28, 2023

ਅਧਿਕਾਰੀਆਂ ਨੂੰ ਸਫ਼ਾਈ ਕਰਮੀਆਂ ਦੀ ਤਨਖਾਹਾਂ ਸਮੇਂ ਸਿਰ ਦੇਣ ਦੀਆਂ ਹਦਾਇਤਾਂ ਕੀਤੀਆਂ

ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇਸ਼ ਭਰ ਦੇ ਸਫ਼ਾਈ ਕਰਮੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ – ਚੇਅਰਮੈਨ ਸ੍ਰੀ ਐੱਮ. ਵੈਂਕਟੇਸ਼ਨ

ਗੁਰਦਾਸਪੁਰ, 28 ਅਪ੍ਰੈਲ 2023 (ਮੰਨਣ ਸੈਣੀ )। ਸ੍ਰੀ ਐੱਮ. ਵੈਂਕਟੇਸ਼ਨ, ਮਾਨਯੋਗ ਚੇਅਰਮੈਨ, ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ, ਭਾਰਤ ਸਰਕਾਰ ਵੱਲੋਂ ਅੱਜ ਗੁਰਦਾਸਪੁਰ ਸ਼ਹਿਰ ਦਾ ਦੌਰਾ ਕਰਕੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਗੁਰਦਾਸਪੁਰ ਪਹੁੰਚੇ ਚੇਅਰਮੈਨ ਸ੍ਰੀ ਐੱਮ. ਵੈਂਕਟੇਸ਼ਨ ਵੱਲੋਂ ਸਭ ਤੋਂ ਪਹਿਲਾਂ ਜ਼ਿਲਾ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚ ਕੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਸ ਉਪਰੰਤ ਉਨਾਂ ਨੇ ਸਥਾਨਕ ਪੰਚਾਇਤ ਭਵਨ ਵਿਖੇ ਵੱਖ-ਵੱਖ ਜ਼ਿਲਾ ਅਧਿਕਾਰੀਆਂ, ਨਗਰ ਨਿਗਮ ਬਟਾਲਾ ਅਤੇ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਅਤੇ ਸਫਾਈ ਕਰਮੀਆਂ ਨਾਲ ਮੀਟਿੰਗ ਕੀਤੀ।

ਸਫ਼ਾਈ ਕਰਮੀਆਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਚੇਅਰਮੈਨ ਸ੍ਰੀ ਐੱਮ. ਵੈਂਕਟੇਸ਼ਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੂਹ ਸਫ਼ਾਈ ਕਰਮੀਆਂ ਅਤੇ ਸੀਵਰੇਜ ਦੀ ਸਫਾਈ ਕਰਨ ਵਾਲੇ ਕਰਮੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਉਨਾਂ ਕਿਹਾ ਕਿ ਸਫ਼ਾਈ ਕਰਮੀਆਂ ਦਾ ਹਰ ਮਹੀਨੇ ਪੀ.ਐੱਫ. ਕੱਟਿਆ ਜਾਵੇ ਅਤੇ ਇਸਦੀ ਡਿਟੇਲ ਸਫਾਈ ਕਰਮੀਆਂ ਨਾਲ ਸਾਂਝੀ ਕੀਤੀ ਜਾਵੇ। ਇਸ ਤੋਂ ਇਲਾਵਾ ਸਫਾਈ ਕਰਮੀਆਂ ਨੂੰ ਵਰਦੀਆਂ, ਸਫਾਈ ਲਈ ਸਾਜੋ ਸਮਾਨ, ਮਾਸਕ ਆਦਿ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇ। ਇਸਦੇ ਨਾਲ ਹੀ ਸਮੂਹ ਸਫ਼ਾਈ ਕਰਮੀਆਂ ਦਾ ਮੈਡੀਕਲ, ਐਕਸੀਡੈਂਟ ਬੀਮਾ ਕਰਾਉਣ ਦੇ ਨਾਲ ਸਮੇਂ-ਸਮੇਂ ਉਨਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਉਨਾਂ ਕਿਹਾ ਕਿ ਸਫ਼ਾਈ ਕਰਮੀਆਂ ਉੱਪਰ ਕਿਰਤ ਕਾਨੂੰਨਾਂ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇ।

ਮੀਟਿੰਗ ਦੌਰਾਨ ਕੁਝ ਸਫ਼ਾਈ ਕਰਮੀਆਂ ਨੇ ਸਮੇਂ ਸਿਰ ਤਨਖਾਹਾਂ ਨਾਲ ਮਿਲਣ ਦਾ ਮਾਮਲਾ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ। ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਚੇਅਰਮੈਨ ਸ੍ਰੀ ਐੱਮ. ਵੈਂਕਟੇਸ਼ਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਕਰਮੀਆਂ ਨੂੰ ਤੁਰੰਤ ਤਨਖਾਹ ਜਾਰੀ ਕਰਕੇ ਕਮਿਸ਼ਨ ਨੂੰ ਸੂਚਿਤ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਵਿੱਚ ਕਿਸੇ ਤਰਾਂ ਕੋਈ ਕੁਤਾਹੀ ਜਾਂ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਚੇਅਰਮੈਨ ਸ੍ਰੀ ਐੱਮ. ਵੈਂਕਟੇਸ਼ਨ ਨੇ ਕਿਹਾ ਕਿ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇਸ਼ ਭਰ ਦੇ ਸਫ਼ਾਈ ਕਰਮੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਸਫ਼ਾਈ ਕਰਮੀ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਰਾਸ਼ਟਰੀ ਸਫ਼ਾਈ ਕਮਿਸ਼ਨ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਸ੍ਰੀ ਸੁਸ਼ਾਂਤ ਸਿੰਘ, ਪਿ੍ਰੰਸੀਪਲ ਪ੍ਰਾਈਵੇਟ ਸੈਕਟਰੀ, ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ, ਭਾਰਤ ਸਰਕਾਰ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਐੱਸ.ਪੀ. ਪਿ੍ਰਥੀਪਾਲ ਸਿੰਘ, ਐੱਸ.ਪੀ. ਜਗਵਿੰਦਰ ਸਿੰਘ, ਸਿਵਲ ਸਰਜਨ ਡਾ. ਹਰਭਜਨ ਰਾਮ, ਐੱਸ.ਡੀ.ਓ. ਲਵਜੀਤ ਸਿੰਘ, ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ. ਸੁਖਵਿੰਦਰ ਸਿੰਘ, ਤਹਿਸੀਲਦਾਰ ਜਗਤਾਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਸਫ਼ਾਈ ਕਰਮਚਾਰੀ ਵੀ ਹਾਜ਼ਰ ਸਨ।

Written By
The Punjab Wire