ਗੁਰਦਾਸਪੁਰ ਪੰਜਾਬ

ਓਲੰਪੀਅਨ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਗੁਰਦਾਸਪੁਰ ਦੇ ਖੇਡ ਪ੍ਰੇਮੀ ਮੈਦਾਨ ਵਿੱਚ ਨਿੱਤਰੇ

ਓਲੰਪੀਅਨ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਗੁਰਦਾਸਪੁਰ ਦੇ ਖੇਡ ਪ੍ਰੇਮੀ ਮੈਦਾਨ ਵਿੱਚ ਨਿੱਤਰੇ
  • PublishedApril 27, 2023

ਪਹਿਲੀ ਮਈ ਨੂੰ ਸਾੜਿਆ ਜਾਵੇਗਾ ਔਰਤ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਪ੍ਰਧਾਨ ਦਾ ਪੁਤਲਾ।

ਗੁਰਦਾਸਪੁਰ 27ਅਪ੍ਰੈਲ 2023 (ਦੀ ਪੰਜਾਬ ਵਾਇਰ)। ਦਿੱਲੀ ਜੰਤਰ ਮੰਤਰ ਵਿਖੇ ਓਲੰਪੀਅਨ ਪਹਿਲਵਾਨਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ
ਪਹਿਲਵਾਨਾਂ ਵੱਲੋਂ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਪੋਕਸੋ ਤਹਿਤ ਪਰਚਾ ਦਰਜ਼ ਦੀ ਮੰਗ ਨੂੰ ਲੈਕੇ ਚਲ ਰਹੇ ਸੰਘਰਸ਼ ਦੀ ਹਮਾਇਤ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਖੇਡ ਖੇਤਰ ਨਾਲ ਜੁੜੇ ਖੇਡ ਪ੍ਰੇਮੀਆਂ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਮੁਖਵਿੰਦਰ ਸਿੰਘ ਰੰਧਾਵਾ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਅਤੇ ਅਮਰਜੀਤ ਸ਼ਾਸਤਰੀ ਜੂਡੋ ਕੋਚ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਮੀਟਿੰਗ ਕੀਤੀ।

ਪਹਿਲੀ ਮਈ ਨੂੰ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਖਿਡਾਰੀਆਂ ਦਾ ਵੱਡਾ ਇਕੱਠ ਕਰਕੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅਤੇ ਲੜਕੀਆਂ ਦਾ ਸ਼ੋਸਣ ਕਰਨ ਵਾਲੇ ਐਮ ਪੀ ਬਿਰਜ ਭੂਸ਼ਣ ਸਿੰਘ ਦਾ ਪੁਤਲਾ ਫੂਕਿਆ ਜਾਵੇਗਾ। ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਮੁਖਵਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮਾਨਵਵਾਦੀ ਖ਼ਾਸੇ ਦਾ ਜ਼ਿਕਰ ਕਰਦਿਆਂ ਜਬਰ ਜ਼ੁਲਮ ਖਿਲਾਫ ਇਕਠੇ ਹੋਣ ਲਈ ਭਾਰਤ ਦੇ ਮਹਾਨ ਕਿਸਾਨ ਅੰਦੋਲਨ ਤੋਂ ਸਬਕ ਲੈਂਦਿਆਂ ਇਸ ਇਨਸਾਫ਼ ਦੀ ਜੰਗ ਵਿੱਚ ਜੂਝਣ ਦਾ ਸੱਦਾ ਦਿੱਤਾ ਅਤੇ ਇਸ ਸੰਘਰਸ਼ ਨੂੰ ਜਿੱਤਣ ਲਈ ਹਰ ਇਨਸਾਫ਼ ਪਸੰਦ ਸ਼ਹਿਰੀ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਅਮਰਜੀਤ ਸ਼ਾਸਤਰੀ ਨੇ ਕੇਂਦਰ ਸਰਕਾਰ ਤੇ ਕਾਬਜ਼ ਪਾਰਟੀਆਂ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਖਿਡਾਓ ਆਦਿ ਨਾਹਰਿਆਂ ਦੀ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਇਨ੍ਹਾਂ ਖਿਲਾਫ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਣ ਤੇ ਜ਼ੋਰ ਦਿੱਤਾ। ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਭਾਰਤ ਦੀ ਸ਼ਾਨ ਓਲੰਪਿਕ ਖੇਡਾਂ ਦੀ ਮੈਡਲ ਵਿਜੇਤਾ ਪਹਿਲਵਾਨ ਖਿਡਾਰਣਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਦੇਸ਼ ਦੇ ਹਾਕਮਾਂ ਦੇ ਦੋਗਲੇ ਕਿਰਦਾਰ ਦੀ ਨਿੰਦਾ ਕੀਤੀ।

ਅਮਰ ਕ੍ਰਾਂਤੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਨੇ ਕਿਹਾ ਕਿ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਇਨ੍ਹਾਂ ਪਹਿਲਵਾਨਾਂ ਨੇ ਬ੍ਰਿਜ ਭੂਸ਼ਨ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਪਰ ਪੁਲੀਸ ਮੁਲਾਜ਼ਮਾਂ ਨੇ ਅਰਜ਼ੀ ’ਤੇ ਕਾਰਵਾਈ ਤੋਂ ਨਾਂਹ ਕਰ ਦਿੱਤੀ। ਇਨ੍ਹਾਂ ’ਚੋਂ ਇੱਕ ਪਹਿਲਵਾਨ ਨਾਬਾਲਗ ਹੈ, ਜਿਸ ਲਈ ਬ੍ਰਿਜ ਭੂਸ਼ਣ ਖਿਲਾਫ ਰਿਪੋਰਟ ਦਰਜ ਕਰਵਾ ਕੇ ਪੋਕਸੋ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਵੀ ਇਨ੍ਹਾਂ ਪਹਿਲਵਾਨਾਂ ਨੇ ਜੰਤਰ ਮੰਤਰ ਵਿਖੇ ਧਰਨਾ ਦੇਕੇ ਬ੍ਰਿਜ ਭੂਸ਼ਨ ਸਿੰਘ ਖ਼ਿਲਾਫ਼ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਸੀ। ਪਰ ਖੇਡ ਮੰਤਰਾਲੇ ਵੱਲੋਂ ਇੱਕ ਕਮੇਟੀ ਬਣਾ ਕੇ ਮਾਮਲੇ ਦੀ ਪੜਤਾਲ ਕਰਨ ਦੀ ਕਾਰਵਾਈ ਕਰਨ ਦਾ ਵਿਸ਼ਵਾਸ ਦੇਣ ਤੋਂ ਬਾਅਦ ਆਪਣਾ ਧਰਨਾ ਚੁੱਕ ਲਿਆ ਸੀ ਇਸ ਮੌਕੇ ਇਫਟੂ ਦੇ ਸੂਬਾਈ ਆਗੂ ਕਾਮਰੇਡ ਜੋਗਿੰਦਰ ਪਾਲ, ਡੀ ਟੀ ਐਫ ਦੇ ਆਗੂ ਹਰਦੀਪ ਰਾਜ, ਪ੍ਰੋਫੈਸਰ ਸਿਮਰਤ ਪਾਲ ਕਾਦੀਆਂ, ਰਜਿੰਦਰ ਕੁਮਾਰ, ਜੁਗਰਾਜ ਸਿੰਘ ਕੁਸ਼ਤੀ ਕੋਚ ਰਵੀ ਕੁਮਾਰ ਜੂਡੋ ਕੋਚ ਮਨਜੀਤ ਸਿੰਘ ਜਰਨਲ ਸਕੱਤਰ ਖੋ ਖੋ ਐਸੋਸੀਏਸ਼ਨ, ਪੰਕਜ਼ ਭਨੋਟ ਬਾਸਕਟਬਾਲ ਕੋਚ ਰਜਿੰਦਰ ਕੁਮਾਰ ਲੈਕਚਰਾਰ ਹਰਭਜਨ ਸਿੰਘ ਮਾਂਗਟ ਮੀਤ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਵਿੱਤ ਸਕੱਤਰ ਅਮਰਜੀਤ ਸਿੰਘ ਮਨੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮਨੀ ਭੱਟੀ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਰਾਜ, ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਮੈਡਮ ਕਮਲੇਸ਼ ਕੁਮਾਰੀ, ਮੈਡਮ ਸੁਲਖਣੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

Written By
The Punjab Wire