ਜ਼ਿਲ੍ਹੇ ਦੇ 32 ਆਮ ਆਦਮੀ ਕਲੀਨਿਕਾਂ ਵਿੱਚ 25252 ਟੈਸਟ ਕੀਤੇ ਗਏ ਮੁਫ਼ਤ
ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਦਾ ਲੋਕਾਂ ਨੂੰ ਮਿਲ ਰਿਹਾ ਵੱਡਾ ਲਾਭ
ਗੁਰਦਾਸਪੁਰ, 24 ਅਪ੍ਰੈਲ 2023 (ਮੰਨਣ ਸੈਣੀ) । ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਬਦਲਾਅ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਖੋਲ੍ਹੇ ਗਏ 32 ਆਮ ਆਦਮੀ ਕਲੀਨਿਕਾਂ ਦੀ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਇਸ ਸਾਲ 27 ਜਨਵਰੀ ਤੋਂ 21 ਅਪ੍ਰੈਲ ਤੱਕ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਜ਼ਿਲ੍ਹੇ ਦੇ 89070 ਨਾਗਰਿਕਾਂ ਨੇ ਆਪਣਾ ਇਲਾਜ ਕਰਵਾਇਆ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਜ਼ਿਲ੍ਹੇ ਦੇ 32 ਆਮ ਆਦਮੀ ਕਲੀਨਿਕਾਂ ਵਿੱਚ ਇਸ ਸਮੇਂ ਦੌਰਾਨ ਮਰੀਜ਼ਾਂ ਦੇ 25252 ਟੈਸਟ ਵੀ ਮੁਫ਼ਤ ਕੀਤੇ ਗਏ ਹਨ। ਚੇਅਰਮੈਨ ਸ੍ਰੀ ਬਹਿਲ ਨੇ ਕਿਹਾ ਕਿ ਪਹਿਲਾਂ ਜਿਥੇ ਆਮ ਲੋਕਾਂ ਨੂੰ ਆਪਣੀ ਸਿਹਤ ਸਬੰਧੀ ਹੁੰਦੇ ਮਸਲਿਆਂ ਬਾਰੇ ਹਸਪਤਾਲਾਂ ਵਿੱਚ ਆਉਣਾ ਪੈਂਦਾ ਸੀ ਅਤੇ ਹਸਪਤਾਲਾਂ ਵਿੱਚ ਮਰੀਜਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਲੋਕਾਂ ਨੂੰ ਆਪਣੀ ਵਾਰੀ ਦਾ ਇੰਤਜਾਰ ਕਰਨਾ ਪੈਂਦਾ ਸੀ ਜਿਸ ਕਾਰਨ ਬਿਮਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਪ੍ਰੰਤੂ ਹੁਣ ਇਨ੍ਹਾਂ ਆਮ ਆਦਮੀ ਕਲੀਨਿਕਾਂ ਕਾਰਨ ਲੋਕਾਂ ਦੇ ਘਰਾਂ ਨੇੜੇ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ ਜਿਥੇ ਕਿ ਮਾਹਰ ਡਾਕਟਰਾਂ ਵੱਲੋਂ ਲੋਕਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਇਤਿਹਾਸਕ ਉਪਰਾਲੇ ਕਾਰਨ ਸਿਹਤ ਸਹੂਲਤਾਂ ਵਿੱਚ ਹੋਰ ਵੀ ਸੁਧਾਰ ਹੋਇਆ ਹੈ ਅਤੇ ਲੋਕ ਆਪਣੀਆਂ ਸਿਹਤ ਸਮੱਸਿਆਵਾਂ ਬਾਰੇ ਘਰਾਂ ਨੇੜੇ ਹੀ ਆਮ ਆਦਮੀ ਕਲੀਨਿਕਾਂ ਤੋਂ ਇਲਾਜ ਕਰਵਾ ਕੇ ਸਿਹਤਮੰਦ ਜੀਵਨ ਜੀਅ ਰਹੇ ਹਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸਹੂਲਤ ਮਿਲਣ ਨਾਲ ਮਰੀਜ਼ ਜਲਦੀ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਆਮ ਆਦਮੀ ਕਲੀਨਿਕ ਮਾਡਲ ਸਿਹਤ ਸੇਵਾਵਾਂ ਵਿੱਚ ਇੱਕ ਕ੍ਰਾਂਤੀਕਾਰੀ ਸੁਧਾਰ ਹੈ ਜਿਸ ਤੋਂ ਸੂਬੇ ਦੇ ਲੋਕ ਪੂਰੀ ਤਰਾਂ ਸੰਤੁਸ਼ਟ ਹਨ।