ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ 52 ਸੁਪਰਮੈਨ ਪੁਸ਼ਅਪ ਕਰਕੇ ਰਿਕਾਰਡ ਬਣਾਇਆ
ਡਿਪਟੀ ਕਮਿਸ਼ਨਰ ਨੇ ਨੌਜਵਾਨ ਅੰਮ੍ਰਿਤਬੀਰ ਸਿੰਘ ਨੂੰ ਜ਼ਿਲ੍ਹੇ ਦਾ ਯੂਥ ਆਇਕਾਨ ਨਿਯੁਕਤ ਕੀਤਾ
ਗੁਰਦਾਸਪੁਰ, 17 ਅਪ੍ਰੈਲ 2023 (ਮੰਨਣ ਸੈਣੀ) । ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਾਵਾਲ ਦੇ 20 ਸਾਲਾ ਨੌਜਵਾਨ ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ 52 ਸੁਪਰਮੈਨ ਪੁਸ਼ਅਪ ਕਰਕੇ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਅੰਮ੍ਰਿਤਬੀਰ ਸਿੰਘ ਇਸ ਤੋਂ ਪਹਿਲਾਂ ਉਂਗਲਾਂ ਦੇ ਸਹਾਰੇ ਇੱਕ ਮਿੰਟ ਵਿੱਚ 45 ਪੁਸ਼ਅਪ ਲਗਾ ਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਆਪਣਾ ਰਿਕਾਰਡ ਦਰਜ਼ ਕਰਾ ਚੁੱਕਾ ਹੈ।
ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣੇ ਇਸ ਨੌਜਵਾਨ ਅੰਮ੍ਰਿਤਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਇਸ ਮਾਣਮੱਤੀ ਪ੍ਰਾਪਤੀ ਲਈ ਉਸਨੂੰ ਮੁਬਾਰਕਬਾਦ ਦਿੱਤੀ ਗਈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੰਮ੍ਰਿਤਬੀਰ ਸਿੰਘ ਨੂੰ ਜ਼ਿਲ੍ਹੇ ਦਾ ਯੂਥ ਆਇਕਾਨ ਨਿਯੁਕਤ ਕਰਦਿਆਂ ਕਿਹਾ ਕਿ ਅੰਮ੍ਰਿਤਬੀਰ ਸਿੰਘ ਬਾਕੀ ਨੌਜਵਾਨਾਂ ਲਈ ਵੀ ਪ੍ਰੇਰਨਾ ਸ੍ਰੋਤ ਬਣੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਬੀਰ ਸਿੰਘ ਨੇ ਆਪਣੀ ਫਿਟਨੈਸ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਗੱਭਰੂ ਅੱਜ ਵੀ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਬੀਰ ਸਿੰਘ ਤੋਂ ਪ੍ਰੇਰਨਾ ਲੈ ਕੇ ਹੋਰ ਨੌਜਵਾਨ ਵੀ ਆਪਣੀ ਸਿਹਤ ਵੱਲ ਧਿਆਨ ਦੇ ਕੇ ਸਿਹਤਮੰਦ, ਰੰਗਲਾ ਤੇ ਖੁਸ਼ਹਾਲ ਪੰਜਾਬ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਨੇ ਅੰਮ੍ਰਿਤਬੀਰ ਸਿੰਘ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਉਸਦਾ ਪਿੰਡ ਉਮਰਵਾਲਾ, ਡੇਰਾ ਬਾਬਾ ਨਾਨਕ-ਬਟਾਲਾ ਰੋਡ ’ਤੇ ਸਥਿਤ ਹੈ ਅਤੇ ਇਸ ਸਮੇਂ ਉਹ ਖ਼ਾਲਸਾ ਕਾਲਜ ਅਮ੍ਰਿਤਸਰ ਵਿਖੇ ਬੀ.ਏ. ਭਾਗ ਤੀਸਰਾ ਦਾ ਵਿਦਿਆਰਥੀ ਹੈ। ਅੰਮ੍ਰਿਤਬੀਰ ਸਿੰਘ ਦੱਸਦਾ ਹੈ ਕਿ ਉਸਨੇ 12ਵੀਂ ਜਮਾਤ ਵਿੱਚ ਪੜ੍ਹਦਿਆਂ ਉਸਨੇ ਆਪਣੀ ਫਿਟਨੈਸ ਉੱਪਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਕਦੀ ਵੀ ਜਿੰਮ ਜੁਆਇੰਨ ਨਹੀਂ ਕੀਤਾ ਅਤੇ ਉਹ ਆਪਣੇ ਘਰ ਹੀ ਡੰਡ-ਬੈਠਕਾਂ ਮਾਰ ਕੇ ਅਭਿਆਸ ਕਰਦਾ ਹੈ। ਇਸ ਲਈ ਉਸਦੇ ਪਿਤਾ ਸ. ਨਿਸ਼ਾਨ ਸਿੰਘ ਅਤੇ ਮਾਤਾ ਸ੍ਰੀਮਤੀ ਸਿਮਰਜੀਤ ਕੌਰ ਨੇ ਵੀ ਉਸਨੂੰ ਪੂਰਾ ਉਤਸ਼ਾਹਤ ਕਰਦੇ ਹਨ।
ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਉਂਗਲਾਂ ਦੇ ਸਹਾਰੇ ਇੱਕ ਮਿੰਟ ਵਿੱਚ 45 ਪੁਸ਼ਅਪ ਕਰਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਇਆ ਸੀ। ਇਸਤੋਂ ਬਾਅਦ ਉਸਨੇ ਇੱਕ ਮਿੰਟ ਵਿੱਚ 52 ਸੁਪਰਮੈਨ ਪੁਸ਼ਅਪ ਕਰਕੇ ਲਿਮਕਾ ਬੁੱਕ ਆਫ ਰਿਕਾਡਰਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਸੋਸ਼ਲ ਮੀਡੀਆ ਉਪਰ ਵੀ ਅੰਮ੍ਰਿਤਬੀਰ ਸਿੰਘ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਬਣਾਉਣ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰ ਰਿਹਾ ਹੈ। ਉਸਨੇ ਕਿਹਾ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਦਾ ਯੂਥ ਆਈਕਨ ਬਣਕੇ ਨੌਜਵਾਨਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਹੋਰ ਵੀ ਪ੍ਰੇਰਿਤ ਕਰੇਗਾ। ਇਸ ਮੌਕੇ ਉਸ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਇਸ ਹੱਲਾਸ਼ੇਰੀ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।