ਡਾ. ਐੱਸ.ਪੀ. ਸਿੰਘ ਓਬਰਾਏ ਨੇ ਐਂਬੂਲੈਂਸ ਵੈਨ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਤੇ ਚੇਅਰਮੈਨ ਰਮਨ ਬਹਿਲ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਸੌਂਪੀਆਂ
ਡਿਪਟੀ ਕਮਿਸ਼ਨਰ ਵੱਲੋਂ ਐਂਬੂਲੈਂਸ ਵੈਨ ਦੇਣ ਲਈ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ
ਗੁਰਦਾਸਪੁਰ, 14 ਅਪ੍ਰੈਲ (ਮੰਨਣ ਸੈਣੀ)। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਖ਼ਾਲਸਾ ਸਾਜਨਾ ਦਿਵਸ ਦੇ ਪਾਵਨ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੂੰ ‘ਅਬਾਦ ਸੰਜੀਵਨੀ ਮੈਡੀਕਲ ਕੈਂਪਾਂ’ ਲਈ ਇੱਕ ਹਾਈਟੈਕ ਐਂਬੂਲੈਂਸ ਵੈਨ ਦਾਨ ਦਿੱਤੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਐਂਬੂਲੈਂਸ ਵੈਨ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਸੌਂਪੀਆਂ ਗਈਆਂ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਹੈਲਥ ਸਿਸਟਮਜ਼ ਕਾਰਪਰੋਸ਼ੇਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਡਾ. ਸਤਨਾਮ ਸਿੰਘ ਨਿੱਝਰ ਟਰੱਸਟੀ, ਸੁਖਜਿੰਦਰ ਸਿੰਘ ਹੇਅਰ ਪ੍ਰਧਾਨ ਮਾਝਾ ਜੋਨ, ਰਵਿੰਦਰ ਸਿੰਘ ਰੋਬਿਨ ਮੀਡੀਆ ਸਲਾਹਕਾਰ, ਸੁਖਦੀਪ ਸਿੰਘ ਸਿੱਧੂ ਸਲਾਹਕਾਰ, ਰਵਿੰਦਰ ਸਿੰਘ ਮਠਾਰੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਟਰੱਸਟ, ਡਾ. ਦਲਜੀਤ ਸਿੰਘ ਗਿੱਲ ਡਾਇਰੈਕਟਰ ਸਿਹਤ ਸੇਵਾਵਾਂ, ਰਜਿੰਦਰ ਸਿੰਘ ਰਾਜੂ ਸਲਾਹਕਾਰ, ਮਨਪ੍ਰੀਤ ਸਿੰਘ ਸੰਧੂ, ਹਰਮਿੰਦਰ ਸਿੰਘ, ਸ਼ਿਸ਼ਪਾਲ ਸਿੰਘ ਲਾਡੀ, ਜਗਦੇਵ ਸਿੰਘ ਛੀਨਾ, ਹਰਦੀਪ ਸਿੰਘ ਖਿਲਚੀਆਂ, ਨਵਤੇਜ ਸਿੰਘ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਰਜੀਵ ਸਿੰਘ, ਸਾਬਕਾ ਸੁਪਰਡੈਂਟ ਸਿੱਖਿਆ ਵਿਭਾਗ ਇੰਦਰਜੀਤ ਸਿੰਘ ਬਾਜਵਾ ਵੀ ਮੌਜੂਦ ਸਨ।
ਐਂਬੂਲੈਂਸ ਵੈਨ ਦੀਆਂ ਚਾਬੀਆਂ ਸੌਂਪਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਮਿਸ਼ਨ ਅਬਾਦ ਤਹਿਤ ਸਰਹੱਦੀ ਪੱਟੀ ਵਿੱਚ ਜੋ ਅਬਾਦ ਸੰਜੀਵਨੀ ਮੈਡੀਕਲ ਕੈਂਪ ਲਗਾਉਣ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਹੈ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੀ ਐਂਬੂਲੈਂਸ ਜਰੀਏ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾ ਸਕੇਗੀ। ਡਾ. ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੂਬੇ ਭਰ ਵਿੱਚ ਐਂਬੂਲੈਂਸਾਂ ਚਲਾਉਣ ਦੇ ਨਾਲ ਬਹੁਤ ਵਾਜ਼ਬ ਦਰਾਂ ਉੱਪਰ ਲੋਕਾਂ ਨੂੰ ਮੈਡੀਕਲ ਟੈਸਟਾਂ ਦੀ ਸਹੂਲਤ ਦੇਣ ਲਈ ਲੈਬਸ ਖੋਲੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਇੱਕ ਲੈਬ ਬਟਾਲਾ ਸ਼ਹਿਰ ’ਚ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਜਲਦ ਹੀ ਗੁਰਦਾਸਪੁਰ ਸ਼ਹਿਰ ਵਿੱਚ ਵੀ ਡਾਇਗਨੋਸਟਿਕ ਲੈਬ ਖੋਲ੍ਹੀ ਜਾਵੇਗੀ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਲਈ ਐਂਬੂਲੈਂਸ ਵੈਨ ਪ੍ਰਾਪਤ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਂਬੂਲੈਂਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰਾਂ ਵਿੱਚ ਲਗਾਏ ਜਾ ਰਹੇ ਅਬਾਦ ਸੰਜੀਵਨੀ ਮੈਡੀਕਲ ਕੈਂਪਾਂ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਐਂਬੂਲੈਂਸ ਜਰੀਏ ਹੁਣ ਸਰਹੱਦੀ ਖੇਤਰ ਦੇ ਲੋਕਾਂ ਤੱਕ ਮੈਡੀਕਲ ਸੇਵਾਵਾਂ ਪਹੁੰਚਣ ਦੇ ਨਾਲ ਕਿਸੇ ਵੀ ਹੰਗਾਮੀ ਹਾਲਤ ਵਿੱਚ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਲਈ ਹਸਪਤਾਲਾਂ ਤੱਕ ਲਿਜਾਇਆ ਜਾ ਸਕੇਗਾ। ਉਨ੍ਹਾਂ ਇਸ ਨੇਕ ਕਾਰਜ ਲਈ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵੀ ਡਾ. ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਸੇਵਾ ਸਰਹੱਦੀ ਪੱਟੀ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਸਰਬੱਤ ਦਾ ਭਲਾ ਟਰੱਸਟ ਵਰਗੀਆਂ ਸੇਵੀ ਸੰਸਥਾਵਾਂ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਉਹ ਕਾਬਲ-ਏ-ਤਾਰੀਫ਼ ਹੈ।