ਗੁਰਦਾਸਪੁਰ ਪੰਜਾਬ

ਚੇਅਰਮੈਨ ਰਮਨ ਬਹਿਲ ਨੇ ਪਾਵਰਕਾਮ ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਨਾਲ ਮੀਟਿੰਗ ਕਰਕੇ ਗੁਰਦਾਸਪੁਰ ਹਲਕੇ ਦੇ ਵਸਨੀਕਾਂ ਦੀਆਂ ਮੰਗਾਂ ਰੱਖੀਆਂ

ਚੇਅਰਮੈਨ ਰਮਨ ਬਹਿਲ ਨੇ ਪਾਵਰਕਾਮ ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਨਾਲ ਮੀਟਿੰਗ ਕਰਕੇ ਗੁਰਦਾਸਪੁਰ ਹਲਕੇ ਦੇ ਵਸਨੀਕਾਂ ਦੀਆਂ ਮੰਗਾਂ ਰੱਖੀਆਂ
  • PublishedApril 12, 2023

ਪਾਵਰਕਾਮ ਲੋਕਾਂ ਦੇ ਘਰਾਂ ਤੋਂ ਲੰਗਦੀਆਂ ਬਿਜਲੀ ਤਾਰਾਂ ਨੂੰ ਆਪਣੇ ਖਰਚੇ ’ਤੇ ਹਟਾਵੇ – ਰਮਨ ਬਹਿਲ

ਪਿੰਡ ਚੱਕ ਅਰਾਈਆਂ ਵਿਖੇ ਬਣਨ ਵਾਲੇ ਨਵੇਂ ਬਿਜਲੀ ਘਰ ਲਈ ਰਾਜ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ

ਗੁਰਦਾਸਪੁਰ, 12 ਅਪ੍ਰੈਲ (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪਾਵਰਕਾਮ ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਇੰਜੀ: ਡੀ.ਪੀ.ਐੱਸ. ਗਰੇਵਾਲ ਨਾਲ ਵਿਸ਼ੇਸ਼ ਮੀਟਿੰਗ ਕਰਕੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਸਨੀਕਾਂ ਦੀਆਂ ਬਿਜਲੀ ਸਪਲਾਈ ਸਬੰਧੀ ਸਮੱਸਿਆਵਾਂ ਉਠਾਇਆ ਹੈ। ਗੁਰਦਾਸਪੁਰ ਸ਼ਹਿਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਗੁਰਦਾਸਪੁਰ ਸ਼ਹਿਰ ਅਤੇ ਪਿੰਡਾਂ ਵਿੱਚ ਬਹੁਤ ਸਾਰੇ ਬਿਜਲੀ ਦੇ ਟਰਾਂਸਫਾਰਮਰ ਓਵਰਲੋਡ ਹੋ ਗਏ ਹਨ ਜਿਸ ਕਾਰਨ ਗਰਮੀ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਖਰਾਬ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਨਾਲ ਹੀ ਗਲੀਆਂ ਵਿੱਚ ਬਿਜਲੀ ਦੀਆਂ ਤਾਰਾਂ ਦੇ ਜਾਲ ਹਾਦਸਿਆਂ ਦੇ ਕਾਰਨ ਬਣੇ ਰਹੇ ਹਨ ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਸ੍ਰੀ ਬਹਿਲ ਨੇ ਕਿਹਾ ਕਿ ਖੇਤਾਂ ਵਿੱਚ ਕਣਕ ਦੀ ਫਸਲ ਪੱਕ ਗਈ ਹੈ ਅਤੇ ਪਿਛਲੇ ਸਮੇਂ ਦੇਖਣ ਵਿੱਚ ਆਇਆ ਕਿ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫਾਰਮਰ ’ਚੋਂ ਨਿਕਲਦੀ ਸਪਾਰਕ ਕਾਰਨ ਕਈ ਵਾਰ ਅੱਗ ਲੱਗਣ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਨੂੰ ਰੋਕਣ ਲਈ ਪਾਵਰਕਾਮ ਵੱਲੋਂ ਸਮਾਂ ਰਹਿੰਦੇ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪਾਵਰਕਾਮ ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਕੋਲ ਹਲਕਾ ਵਾਸੀਆਂ ਦੀ ਇਹ ਮੰਗ ਵੀ ਰੱਖੀ ਕਿ ਜਿਨ੍ਹਾਂ ਘਰਾਂ ਜਾਂ ਕਾਰੋਬਾਰੀ ਅਦਾਰਿਆਂ ਦੇ ਉਪਰੋਂ ਦੀ ਬਿਜਲੀ ਦੀਆਂ ਤਾਰਾਂ ਲੰਗਦੀਆਂ ਹਨ, ਪਾਵਰਕਾਮ ਉਨ੍ਹਾਂ ਤਾਰਾਂ ਨੂੰ ਆਪਣੇ ਖਰਚੇ ’ਤੇ ਓਥੋਂ ਹਟਾਵੇ ਤਾਂ ਜੋ ਲੋਕਾਂ ਉੱਪਰ ਕੋਈ ਮਾਲੀ ਬੋਝ ਨਾ ਪਵੇ। ਇਸਦੇ ਨਾਲ ਹੀ ਉਨ੍ਹਾਂ ਨੇ ਗੁਰਦਾਸਪੁਰ ਹਲਕੇ ਦੇ ਪਿੰਡ ਚੱਕ ਅਰਾਈਆਂ ਵਿਖੇ ਨਵਾਂ 66 ਕੇ.ਵੀ. ਬਿਜਲੀ ਘਰ ਮਨਜ਼ੂਰ ਕਰਨ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

ਪਾਵਰਕਾਮ ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਇੰਜੀ: ਡੀ.ਪੀ.ਐੱਸ. ਗਰੇਵਾਲ ਨੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਮੰਗਾਂ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਪਾਵਰਕਾਮ ਵੱਲੋਂ ਇਨ੍ਹਾਂ ਮੰਗਾਂ ਦੇ ਹੱਲ ਲਈ ਜਰੂਰ ਵਿਚਾਰ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਖੇ 220 ਕੇਵੀ ਸਬ ਸਟੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਗਰਮੀ ਸੀਜ਼ਨ ਤੋਂ ਪਹਿਲਾਂ ਇਸਨੂੰ ਮੁਕੰਮਲ ਕਰ ਲਿਆ ਜਾਵੇਗਾ। ਸ. ਗਰੇਵਾਲ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਟਰਾਂਸ਼ਫਾਰਮਰਾਂ ਨੂੰ ਵੀ ਸਮਾਂ ਰਹਿੰਦੇ ਠੀਕ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਚੱਕ ਅਰਾਈਆਂ ਬਿਜਲੀ ਘਰ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਪਾਵਰਕਾਮ ਵਚਨਬੱਧ ਹੈ।

ਇਸ ਮੌਕੇ ਮੀਟਿੰਗ ਵਿੱਚ ਪਾਵਰਕਾਮ ਦੇ ਮੁੱਖ ਇੰਜੀ: ਬਾਰਡਰ ਇੰਜੀ: ਬਾਲ ਕ੍ਰਿਸ਼ਨ, ਉੱਪ ਮੁੱਖ ਇੰਜੀ: ਸੰਚਾਲਣ ਅਰਵਿੰਦਰਜੀਤ ਸਿੰਘ ਬੋਪਾਰਾਏ, ਗੁਰਦਾਸਪੁਰ ਦੇ ਸਮੂਹ ਮੰਡਲ ਅਧਿਕਾਰੀ ਅਤੇ ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ, ਸ. ਗੁਰਦੀਪ ਸਿੰਘ ਰੰਧਾਵਾ, ਸ੍ਰੀ ਅਮਰੀਕ ਸਿੰਘ ਅਤੇ ਸ੍ਰੀ ਮਲਕੀਤ ਸਿੰਘ ਸੱਲੋਵਾਲ ਵੀ ਹਾਜ਼ਰ ਸਨ।

Written By
The Punjab Wire