ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਪਹਿਲਾ ਕਨਵੋਕੇਸ਼ਨ ਸਮਾਗਮ ਆਯੋਜਿਤ
ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਅਤੇ ਰਜਿਸਟਰਾਰ ਪੀਟੀਯੂ ਡਾ: ਐਸ.ਕੇ. ਕੇ ਮਿਸ਼ਰਾ ਨੇ 500 ਵਿਦਿਆਰਥੀਆਂ ਨੂੰ ਵੰਡੀਆ ਡਿਗਰੀਆਂ
ਗੁਰਦਾਸਪੁਰ, 08 ਅਪ੍ਰੈਲ 2023 (ਦੀ ਪੰਜਾਬ ਵਾਇਰ)। ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਦਾਸਪੁਰ ਦੀ ਪਹਿਲੀ ਕਨਵੋਕੇਸ਼ਨ ਚੇਅਰਮੈਨ ਡਾ: ਮੋਹਿਤ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਰਜਿਸਟਰਾਰ ਡਾ: ਐਸ.ਕੇ. ਕੇ ਮਿਸ਼ਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਿੱਖਿਆ ਵਿਭਾਗ ਦੇ ਡੀਨ ਡਾ: ਅਮਿਤ ਕੋਟਸ, ਫੈਕਲਟੀ ਆਫ਼ ਐਜੂਕੇਸ਼ਨ ਡਾ: ਦੀਪਾ ਕਟਾਸ, ਐਸਡੀਐਮ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਗੋਲਡਨ ਗਰੁੱਪ ਆਫ਼ ਇੰਸਟੀਚਿਉਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਇੰਜੀ: ਰਾਘਵ ਮਹਾਜਨ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਉਪਰੰਤ ਸਰਸਵਤੀ ਵੰਦਨਾ ਅਤੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਵੱਖ-ਵੱਖ ਕੋਰਸਾਂ ਜਿਵੇਂ ਕਿ ਐਮ.ਟੈਕ, ਐਮ.ਐਸ.ਸੀ, ਬੀ.ਟੈਕ, ਹੋਟਲ ਮੈਨੇਜਮੈਂਟ, ਖੇਤੀਬਾੜੀ ਵਿਭਾਗ, ਬੀ.ਬੀ.ਏ., ਬੀ.ਸੀ.ਏ., ਬੀ. ਕਾਮ, ਡਿਪਲੋਮਾ, ਬੀ.ਐਡ, ਬੀ.ਐਸ.ਸੀ ਦੇ ਕਰੀਬ 500 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ ਅਮਿਤ ਕੋਟਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਅਜਿਹਾ ਵਿਸ਼ੇਸ਼ ਮੌਕਾ ਹੈ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੀ ਪੜ੍ਹਾਈ ਦੇ ਸਾਲਾਂ ਦੌਰਾਨ ਕੀਤੀ ਗਈ ਸਖ਼ਤ ਮਿਹਨਤ ਨੂੰ ਟੀਚਿਆਂ ਦੀ ਪ੍ਰਾਪਤੀ ਅਤੇ ਸਫਲਤਾ ਦੀ ਪ੍ਰਾਪਤੀ ਨਾਲ ਜੁੜਦੇ ਹੋਏ ਵੇਖਦੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਸਫ਼ਰ ਹੈ ਜੋ ਸ਼ਾਇਦ ਅਸਥਾਈ ਕਦਮਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਵਿਦਿਆਰਥੀਆਂ ਨੂੰ ਹੋਰ ਉਚਾਈਆਂ ਤੱਕ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਕੁਝ ਹਾਸਲ ਕਰਨ ਲਈ ਹਮੇਸ਼ਾ ਸਿੱਖਣ ਦੀ ਇੱਛਾ ਮਨ ਵਿੱਚ ਰੱਖਣੀ ਚਾਹੀਦੀ ਹੈ। ਕਿਉਂਕਿ ਗਿਆਨ ਦਾ ਕੋਈ ਅੰਤ ਨਹੀਂ ਹੈ।
ਇਸ ਮੌਕੇ ਤੇ ਸਬੰਧੋਨ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡੀ ਤਰੱਕੀ ਤੁਹਾਡੀ ਸੰਸਥਾ ਦੀ ਤਰੱਕੀ ‘ਤੇ ਨਿਰਭਰ ਕਰੇਗੀ। ਉਨ੍ਹਾਂ ਕਿਹਾ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਤੁਸੀਂ ਵੱਖ-ਵੱਖ ਸੰਸਥਾਵਾਂ ਵਿਚ ਸ਼ਾਮਲ ਹੁੰਦੇ ਹੋ ਤਾਂ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੀ ਤਰੱਕੀ ਉਸ ਸੰਸਥਾ ਦੀ ਤਰੱਕੀ ਨਾਲ ਹੀ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਰਜਿਸਟਰਾਰ ਪੀ.ਟੀ. ਯੂ ਕਪੂਰਥਲਾ ਡਾ.ਐਸ. ਕੇ ਮਿਸ਼ਰਾ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਕਰਨ ‘ਤੇ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦੇ ਹੋਏ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਲਈ ਵੀ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਮੈਰਿਟ ਲਿਸਟ ਵਾਲੇ ਵਿਦਿਆਰਥੀਆਂ ਅਤੇ ਕਲਾਸ ਟਾਪਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨਾਂ ਨੂੰ ਦੁਸ਼ਾਲਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ | ਇਸ ਮੌਕੇ ਗੋਲਡਨ ਗਰੁੱਪ ਦੇ ਪਿ੍ੰਸੀਪਲ ਡਾ: ਲਖਵਿੰਦਰਪਾਲ , ਡਾ: ਨਿਧੀ ਮਹਾਜਨ , ਗੋਲਡਨ ਸਕੂਲ ਦੇ ਪਿ੍ੰਸੀਪਲ ਸੁਰਿੰਦਰ ਸਿੰਘ , ਡੀਨ ਅਕਾਦਮਿਕ ਪ੍ਰੋ: ਹਰਪ੍ਰੀਤ ਕੌਰ ਗਿੱਲ, ਡਾ: ਨਵਦੀਪ ਭਾਰਦਵਾਜ, ਡਾ: ਸ਼ੈਲੀ ਮਹਾਜਨ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
ਇਸ ਮੌਕੇ ਤੇ ਹੋਰਨਾਂ ਮਹਿਮਾਨਾਂ ਵਿੱਚ ਬੇਅੰਤ ਯੂਨੀਵਰਸਿਟੀ ਤੋਂ ਡਿਪਟੀ ਰਜਿਸਟਰਾਰ ਡਾ: ਨਿਰੁਪਜੀਤ ਸਿੰਘ, ਡਿਪਟੀ ਡਾਇਰੈਕਟਰ ਡਾ: ਸ਼ਾਮ ਸਿੰਘ, ਰਾਜੇਸ਼ ਮਹਾਜਨ, ਬਾਜਵਾ, ਭਾਰਤ ਵਿਕਾਸ ਪ੍ਰੀਸ਼ਦ ਤੋਂ ਅਨਿਲ, ਰਾਸ਼ਟਰੀ ਸੇਵਾ ਸੰਘ ਤੋਂ ਮੁਨੀਸ਼ ਬਮੋਤਰਾ, ਡਾ. ਰਾਜੇਸ਼, ਡਾ: ਅਸ਼ੋਕ ਮਹਾਜਨ, ਡਾ: ਮੀਨਾ ਮਹਾਜਨ, ਐਡਵੋਕੇਟ ਭਾਰਤ ਭੂਸ਼ਣ ਜੀ ਹਾਜ਼ਰ ਸਨ।
ਪ੍ਰੋਗਰਾਮ ਦੇ ਅੰਤ ‘ਚ ਸੱਭਿਆਚਾਰਕ ਪ੍ਰੋਗਰਾਮ ਤਹਿਤ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ | ਇਸ ਮੌਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਪ੍ਰੋਗਰਾਮ ਤੋਂ ਬਾਅਦ, ਸਾਰੇ 500 ਵਿਦਿਆਰਥੀ ਬਾਹਰ ਆਏ ਅਤੇ ਆਪਣੀਆਂ ਟੋਪੀਆਂ ਉਛਾਲ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਚੇਅਰਮੈਨ ਡਾ: ਮੋਹਿਤ ਮਹਾਜਨ ਅਤੇ ਮੈਨੇਜਿੰਗ ਡਾਇਰੈਕਟਰ ਇੰਜੀ: ਰਾਘਵ ਮਹਾਜਨ, ਅਤੇ ਵਿਨਾਇਕ ਮਹਾਜਨ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।