ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿੱਚ ਐਮ ਏ ਰਾਜਨੀਤੀ ਸ਼ਾਸਤਰ, ਇਤਿਹਾਸ, ਪੰਜਾਬੀ, ਐਮ ਸੀ ਏ ਸ਼ੁਰੂ ਕਰਨ ਦੀ ਮੰਗ
ਸੂਬੇ ਵਿੱਚ ਮੁੱਖ ਮੰਤਰੀ ਵਜੀਫ਼ਾ ਸਕੀਮ ਲਾਗੂ ਕੀਤੀ ਜਾਵੇ
ਗੁਰਦਾਸਪੁਰ, 6 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਮੁੱਖ ਮੰਤਰੀ ਵਜੀਫ਼ਾ ਸਕੀਮ ਲਾਗੂ ਕਰਵਾਉਣ, ਐੱਸ.ਸੀ ਵਿਦਿਆਰਥੀਆਂ ਦੇ ਖਾਤੇ ਵਿੱਚ ਵਜੀਫ਼ਾ ਪਾਉਣ ਅਤੇ ਫੀਸ ਕਾਲਜ ਦੇ ਖਾਤੇ ਵਿੱਚ ਪਾਉਣ, ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿੱਚ ਐਮ ਏ ਰਾਜਨੀਤੀ ਸ਼ਾਸਤਰ, ਇਤਿਹਾਸ, ਪੰਜਾਬੀ, ਐਮ ਸੀ ਏ ਸ਼ੁਰੂ ਕਰਵਾਉਣ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਲੇਟ ਫੀਸ ਪ੍ਰਤੀ ਦਿਨ 1000 ਰੁਪਏ ਲੈਣ ਦੀ ਸ਼ਰਤ ਖਤਮ ਕਰਨ ਦੀ ਮੰਗ ਨੂੰ ਲੈੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਮ ਪੀ.ਏ ਟੁ ਡੀ.ਸੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਆਗੂ ਮਨੀ ਭੱਟੀ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਸੂਬੇ ਅੰਦਰ ਜਨਰਲ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜੀਫਾ ਸਕੀਮ ਚਲਾਈ ਗਈ ਸੀ ਜਿਸ ਤਹਿਤ 60 ਪ੍ਰਤੀਸ਼ਤ ਤੋਂ ਉਪਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਨੰਬਰ ਪ੍ਰਤੀਸ਼ਤ ਦੇ ਅਨੁਸਾਰ ਯੂਨੀਵਰਸਿਟੀ ਫੀਸ ਮਾਫ ਕੀਤੀ ਜਾਣੀ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਅਦ ਜਨਰਲ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ ਸੀ ਵਿਦਿਆਰਥੀਆਂ ਦੀ ਫੀਸ ਅਜੇ ਤੱਕ ਕਾਲਜਾਂ ਦੇ ਖਾਤਿਆਂ ਵਿਚ ਨਹੀਂ ਪਈ ਹੈ ਅਤੇ ਨਾ ਹੀ ਦਲਿਤ ਵਿਦਿਆਰਥੀਆਂ ਨੂੰ ਵਜ਼ੀਫ਼ਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸੇ ਪ੍ਰਕਾਰ ਬੀ.ਸੀ ਅਤੇ ਓ.ਬੀ.ਸੀ ਵਿਦਿਆਰਥੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਇਸ ਸਕੀਮ ਦਾ ਕੋਈ ਵੀ ਲਾਭ ਨਹੀਂ ਮਿਲਿਆ ਹੈ।
ਉਨ੍ਹਾਂ ਸਰਕਾਰੀ ਕਾਲਜ ਗੁਰਦਾਸਪੁਰ ਵਲ ਧਿਆਨ ਦਿਵਾਉਂਦਿਆਂ ਕਿਹਾ ਕਿ ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਸਿਰਫ ਇਕ ਐਮ ਏ ਅਰਥਸ਼ਾਸਤਰ ਹੀ ਹੈ। ਹੋਰ ਵਿਸ਼ਿਆਂ ਦੀ ਐਮ ਏ ਕਰਨ ਦੇ ਲਈ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਅਡਮੀਸ਼ਨ ਲੈਣੀ ਪੈ ਰਹੀ ਹੈ। ਕਾਲਜ ਵਿੱਚ ਹੋਰ ਐਵੇਂ ਨਾ ਹੋਣ ਕਰਕੇ ਗਰੀਬ ਅਤੇ ਚਾਹਵਾਨ ਵਿਦਿਆਰਥੀ ਐੱਮ ਏ ਕਰਨ ਤੋਂ ਵਾਂਝੇ ਰਹਿ ਰਹੇ ਹਨ। ਉਹਨਾਂ ਮੰਗ ਕਰਦਿਆਂ ਕਿਹਾ ਕਿ ਕਾਲਜ ਅੰਦਰ ਇਤਿਹਾਸ ਰਾਜਨੀਤੀ ਸ਼ਾਸਤਰ ਪੰਜਾਬੀ ਨਾਲ ਸਬੰਧਤ ਐਮ ਏ ਦੇ ਕੋਰਸ ਸ਼ੁਰੂ ਕੀਤੇ ਜਾਣ।
ਆਗੂਆਂ ਨੇ ਕਿਹਾ ਕਿ ਉਕਤ ਮੰਗਾਂ ਨੂੰ ਲੈ ਕੇ ਉਹ ਵਿਦਿਆਰਥੀਆਂ ਦੀ ਲਾਮਬੰਦੀ ਕਰਕੇ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਬੀਰ ਸਿੰਘ, ਦਲੇਰ ਸਿੰਘ, ਕਰਨ ਸਿੰਘ, ਲਵ ਕੁਮਾਰ, ਸ਼ਿਵਾਨੀ ਆਦਿ ਹਾਜ਼ਰ ਹੋਏ।