ਚੰਡੀਗੜ, 5 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਰੋੜਾਂ ਰੁਪਏ ਦੇ ਗਬਨ ਦੇ ਕੇਸ ਵਿੱਚ ਭਗੌੜੇ ਹੋਏ ਸਾਬਕਾ ਖਜਾਨਚੀ ਹਰਪ੍ਰੀਤ ਸਿੰਘ ਪਿੰਡ ਕਰਨਾਣਾ, ਤਹਿਸੀਲ ਬੰਗਾ ਨੂੰ ਗਿ੍ਰਫਤਾਰ ਕੀਤਾ ਹੈ। ਉਕਤ ਦੋਸ਼ੀ ਨੇ ਕਰਨਾਣਾ ਮਲਟੀਪਰਪਜ ਸਹਿਕਾਰੀ ਸੋਸਾਇਟੀ ਲਿਮਟਿਡ, ਪਿੰਡ ਕਰਨਾਣਾ, ਜ਼ਿਲਾ ਐਸ.ਬੀ.ਐਸ.ਨਗਰ ਵਿੱਚ 7,14,07,596 ਦਾ ਗਬਨ ਹੋਰਨਾਂ ਦੋਸ਼ੀਆਂ ਨਾਲ ਮਿਲੀਭੁਗਤ ਰਾਹੀਂ ਕੀਤਾ ਸੀ। ਉਹ ਸੱਤ ਮਹੀਨਿਆਂ ਤੋਂ ਭਗੌੜਾ ਸੀ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਐਸ.ਬੀ.ਐਸ.ਨਗਰ ਦੀ ਸਮਰੱਥ ਅਦਾਲਤ ਦੇ ਸਾਹਮਣੇ ਵਿਜੀਲੈਂਸ ਬਿਊਰੋ ਵੱਲੋਂ ਉਦੋਂ ਗਿਰਫ਼ਤਾਰ ਕੀਤਾ ਗਿਆ ਜਦੋਂ ਉਹ ਆਤਮ ਸਮਰਪਣ ਕਰਨ ਲਈ ਆਇਆ ਸੀ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਹਿਕਾਰੀ ਸਭਾ ਵਿੱਚ 1000 ਦੇ ਕਰੀਬ ਖਾਤਾਧਾਰਕ/ਮੈਂਬਰਾਂ ਤੋਂ ਇਲਾਵਾ ਛੇ ਤਨਖਾਹਦਾਰ ਕਰਮਚਾਰੀ ਹਨ। ਇਸ ਸਭਾ ਕੋਲ ਇਕ ਪੈਟਰੋਲ ਪੰਪ, ਇਕ ਟਰੈਕਟਰ ਤੋਂ ਇਲਾਵਾ ਕਿਰਾਏ ‘ਤੇ ਜਮੀਨ ਦੀ ਖੇਤੀ ਲਈ ਖੇਤੀ ਮਸ਼ੀਨਰੀ ਵੀ ਹੈ। ਇਸ ਤੋਂ ਇਲਾਵਾ, ਉਕਤ ਸੁਸਾਇਟੀ ਆਪਣੇ ਮੈਂਬਰਾਂ/ਕਿਸਾਨਾਂ ਨੂੰ ਕੀਟਨਾਸ਼ਕ ਅਤੇ ਨਦੀਨਨਾਸਕ ਵੀ ਵੇਚਦੀ ਹੈ। ਇਸ ਸੁਸਾਇਟੀ ਦੇ ਵੱਖ-ਵੱਖ ਮੈਂਬਰਾਂ ਅਤੇ ਇਸ ਪਿੰਡ ਦੇ ਪ੍ਰਵਾਸੀ ਭਾਰਤੀਆਂ ਨੇ ਸੁਸਾਇਟੀ ਵਿੱਚ ਕਰੋੜਾਂ ਰੁਪਏ ਦੀਆਂ ਐਫ.ਡੀ.ਆਰਜ ਵੀ ਜਮਾਂ ਕਰਵਾਈਆਂ ਹੋਰੀਆਂ ਹਨ।
ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਮਿਤੀ 01-04-2018 ਤੋਂ 31-03-2020 ਤੱਕ ਸੁਸਾਇਟੀ ਮੈਂਬਰਾਂ ਵੱਲੋਂ ਜਮਾਂ ਕਰਵਾਈਆਂ ਗਈਆਂ ਐਫ.ਡੀ.ਆਰਜ ਅਤੇ ਲਿਮਟਾਂ ਰਾਹੀਂ ਲਏ ਗਏ ਕਰਜ਼ਿਆਂ ਵਿੱਚ 7,14,07,596 ਰੁਪਏ ਦਾ ਗਬਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਮੁਲਜਮਾਂ ਨੇ 36,36,71,952 ਰੁਪਏ ਦੀਆਂ ਗੰਭੀਰ ਉਣਤਾਈਆਂ ਵੀ ਕੀਤੀਆਂ ਹਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸੈਕਟਰੀ ਇੰਦਰਜੀਤ ਧੀਰ ਨੇ ਸੁਸਾਇਟੀ ਵਿੱਚ 2 ਕੰਪਿਊਟਰ ਲਗਾਏ ਹੋਏ ਸਨ, ਜਿਨਾਂ ਵਿੱਚੋਂ ਇੱਕ ਵਿੱਚ ਉਹ ਮੈਂਬਰਾਂ ਦੀਆਂ ਜਮਾਂ ਕਰਵਾਈਆਂ ਐਂਟਰੀਆਂ ਨੂੰ ਅਸਲੀ ਦਿਖਾ ਕੇ ਮੈਂਬਰਾਂ ਨਾਲ ਧੋਖਾਧੜੀ ਕਰਨ ਲਈ ਰਿਕਾਰਡ ਤਿਆਰ ਕਰਦਾ ਸੀ। ਪਰ ਇਸ ਦਾ ਡਾਟਾ ਦੀ ਜਾਂਚ ਪੜਤਾਲ ’ਤੇ ਪਤਾ ਲਗਾ ਕਿ ਦੂਜੇ ਕੰਪਿਊਟਰ ਰਾਹੀਂ ਉਕਤ ਸਕੱਤਰ ਨੇ ਕੈਸ਼ੀਅਰ ਅਤੇ ਹੋਰਾਂ ਨਾਲ ਮਿਲ ਕੇ ਫਰਾਡ ਦੀ ਰਕਮ ਅਨੁਸਾਰ ਡਾਟਾ ਫੀਡ ਕਰਕੇ ਵਿਭਾਗ ਦੇ ਆਡਿਟ ਅਫਸਰਾਂ ਅਤੇ ਹੋਰ ਅਧਿਕਾਰੀਆਂ ਨੂੰ ਪੇਸ਼ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਸੁਸਾਇਟੀ ਦੇ 7 ਕਰਮਚਾਰੀਆਂ/ਮੈਂਬਰਾਂ ਵਿਰੁੱਧ ਵਿਜੀਲੈਂਸ ਰੇਂਜ ਦੇ ਪੁਲਿਸ ਥਾਣਾ, ਜਲੰਧਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 406, 409, 420, 465, 468, 471, 477-ਏ, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ, 13(2) ਤਹਿਤ ਐਫ.ਆਈ.ਆਰ. ਨੰਬਰ-15 ਮਿਤੀ 29-08-2022 ਅਧੀਨ ਗਬਨ ਦਾ ਮੁਕੱਦਮਾ ਦਰਜ ਕੀਤਾ ਹੈ।
ਇਸ ਮਾਮਲੇ ਵਿੱਚ ਮੁਲਜ਼ਮ ਸਾਬਕਾ ਸਕੱਤਰ ਇੰਦਰਜੀਤ ਧੀਰ, ਕੈਸ਼ੀਅਰ ਹਰਪ੍ਰੀਤ ਸਿੰਘ, ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਅਤੇ ਕਮਲੀਤ ਸਿੰਘ (ਸਾਰੇ ਮੈਂਬਰ ਅਤੇ ਵਾਸੀ ਪਿੰਡ ਕਰਨਾਣਾ) ਖ਼ਿਲਾਫ਼ ਕੇਸ ਦਰਜ ਕਰਕੇ ਇੰਨਾਂ ਵਿੱਚੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਵਿੱਚ ਫਰਾਰ ਸਾਬਕਾ ਕੈਸ਼ੀਅਰ ਹਰਪ੍ਰੀਤ ਸਿੰਘ ਨੂੰ ਵੀ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਫਰਾਰ ਸਕੱਤਰ ਇੰਦਰਜੀਤ ਧੀਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।